
10-15 ਫੀ ਸਦੀ ਮੁਲਾਜ਼ਮਾਂ ਦੀ ਹੋ ਸਕਦੀ ਹੈ ਛਾਂਟੀ
ਨਵੀਂ ਦਿੱਲੀ: ਆਨਲਾਈਨ ਕੈਬ ਬੁਕਿੰਗ ਦੀ ਸਹੂਲਤ ਦੇਣ ਵਾਲੀ ਕੰਪਨੀ OLA ਮੋਬਿਲਿਟੀ ਦੇ CEO ਹੇਮੰਤ ਬਖਸ਼ੀ ਨੇ ਕੰਪਨੀ ’ਚ ਨਿਯੁਕਤੀ ਦੇ ਚਾਰ ਮਹੀਨਿਆਂ ਦੇ ਅੰਦਰ ਹੀ ਅਸਤੀਫਾ ਦੇ ਦਿਤਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਕੰਪਨੀ 10-15 ਫੀ ਸਦੀ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ।
ਇਕ ਸੂਤਰ ਨੇ ਦਸਿਆ, ‘‘ਹੇਮੰਤ ਬਖਸ਼ੀ ਨੇ ਤੁਰਤ ਪ੍ਰਭਾਵ ਨਾਲ ਕੰਪਨੀ ਤੋਂ ਅਸਤੀਫਾ ਦੇ ਦਿਤਾ ਹੈ। OLA ਕੈਬਸ ਯੂਨਿਟ 10-15 ਫੀ ਸਦੀ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ।’’ ਬਖਸ਼ੀ ਜਨਵਰੀ 2024 ’ਚ ਕੰਪਨੀ ’ਚ ਸ਼ਾਮਲ ਹੋਏ ਸਨ। ਇਕ ਹੋਰ ਸੂਤਰ ਨੇ ਕਿਹਾ ਕਿ ਕੰਪਨੀ ਦੇ OLA ਕੈਬਸ ਡਿਵੀਜ਼ਨ ਵਿਚ ਜਨਵਰੀ ਵਿਚ ਲਗਭਗ 900 ਲੋਕ ਸਨ ਅਤੇ ਛਾਂਟੀ ਨਾਲ 90-140 ਲੋਕ ਪ੍ਰਭਾਵਤ ਹੋ ਸਕਦੇ ਹਨ।
ਸੰਪਰਕ ਕੀਤੇ ਜਾਣ ’ਤੇ OLA ਨੇ ਇਸ ਜਾਣਕਾਰੀ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। OLA ਮੋਬਿਲਿਟੀ ਨੂੰ ਵਿੱਤੀ ਸਾਲ 2022-23 ’ਚ ਘਾਟਾ ਘੱਟ ਕੇ 1,082.56 ਕਰੋੜ ਰੁਪਏ ਰਹਿ ਗਿਆ ਸੀ। ਵਿੱਤੀ ਸਾਲ 2021-22 ’ਚ ਕੰਪਨੀ ਨੂੰ 3,082.42 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
OLA ਮੋਬਿਲਿਟੀ ਦੀ ਮੂਲ ਕੰਪਨੀ ANI ਟੈਕਨੋਲੋਜੀਜ਼ ਨੂੰ ਸਮੂਹ ਪੱਧਰ ’ਤੇ 20,223.45 ਕਰੋੜ ਰੁਪਏ ਅਤੇ ਇਕੱਲੇ ਆਧਾਰ ’ਤੇ 31 ਮਾਰਚ, 2023 ਤਕ 19,649.27 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਜਨਵਰੀ 2024 ਤਕ ਕੰਪਨੀ ਨੂੰ ਕੁਲ 31,441 ਕਰੋੜ ਰੁਪਏ ਦਾ ਫੰਡ ਮਿਲਿਆ ਹੈ।