
ਈਡੀ ਨੇ ਕਾਨਪੁਰ ਦੇ ਰੋਟੋਮੈਕ ਸਮੂਹ ਦੁਆਰਾ ਕਥਿਤ ਰੂਪ ਵਿਚ 3695 ਕਰੋੜ ਰੁਪਏ ਦੀ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ 177 ਕਰੋੜ ਰੁਪਏ ਦੀਆਂ ਸੰਪਤੀਆਂ...
ਨਵੀਂ ਦਿੱਲੀ, ਈਡੀ ਨੇ ਕਾਨਪੁਰ ਦੇ ਰੋਟੋਮੈਕ ਸਮੂਹ ਦੁਆਰਾ ਕਥਿਤ ਰੂਪ ਵਿਚ 3695 ਕਰੋੜ ਰੁਪਏ ਦੀ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ 177 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ ਕੀਤੀਆਂ ਹਨ। ਏਜੰਸੀ ਨੇ ਕਿਹਾ ਕਿ ਉਸ ਨੇ ਕਾਲਾ ਧਨ ਮਾਮਲੇ ਤਹਿਤ ਰੋਟੋਮੈਕ ਗਲੋਬਲ ਲਿਮਟਿਡ ਅਤੇ ਉਸ ਦੇ ਨਿਰਦੇਸ਼ਕਾਂ ਦੀ ਕਾਨਪੁਰ, ਦੇਹਰਾਦੂਨ, ਅਹਿਮਦਾਬਾਦ ਅਤੇ ਗਾਂਧੀਨਗਰ ਤੇ ਮੁੰਬਈ ਦੀਆਂ ਸੰਪਤੀਆਂ ਦੀ ਕੁਰਕੀ ਦਾ ਅਸਥਾਈ ਹੁਕਮ ਦਿਤਾ ਹੈ।
ਈਡੀ ਦਾ ਦੋਸ਼ ਹੈ ਕਿ ਸਮੂਹ ਦੀਆਂ ਇਹ ਸੰਪਤੀਆਂ ਮਨੀ ਲਾਂਡਰਿੰਗ ਜ਼ਰੀਏ ਜੁਟਾਈ ਗਈ ਅਪਰਾਧ ਦੀ ਕਮਾਈ ਹੈ। ਈਡੀ ਦੀ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਕਿ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਨੇ ਸੀਮਤ ਗਿਣਤੀ ਦੇ ਦੁਕਾਨਦਾਰਾਂ ਨਾਲ ਵਪਾਰ ਕੀਤਾ ਅਤੇ ਉਸ ਨੂੰ ਵਿਦੇਸ਼ ਵਿਚੋਂ ਰਿਆਇਤੀ ਕਰਜ਼ਾ ਪੱਤਰ ਯਾਨੀ ਐਲਸੀ ਪ੍ਰਾਪਤ ਹੋਏ।
ਉਨ੍ਹਾਂ ਲਾਭਪਾਤਰੀਆਂ ਨੇ ਇਸ ਰਾਸ਼ੀ ਵਿਚੋਂ ਡੇਢ ਤੋਂ ਦੋ ਫ਼ੀ ਸਦੀ ਦਾ ਕਮਿਸ਼ਨ ਸਿੱਧੇ ਰੋਟੋਮੈਕ ਸਮੂਹ ਦੀਆਂ ਕੰਪਨੀਆਂ ਦੇ ਖਾਤਿਆਂ ਜਾਂ ਵਿਕਰਮ ਕੋਠਾਰੀ ਦੇ ਕੰਟਰੋਲ ਵਾਲੀਆਂ ਵਿਦੇਸ਼ਾਂ ਵਿਚ ਸਥਿਤ ਕੰਪਨੀ ਦੇ ਖਾਤਿਆਂ ਵਿਚ ਪਾਇਆ। ਇਸ ਰਿਆਇਤੀ ਐਲਸੀ ਰਕਮ ਦੀ ਵਰਤੋਂ ਕੰਪਨੀ ਦੁਆਰਾ ਹੋਰ ਵਪਾਰਕ ਗਤੀਵਿਧੀਆਂ ਯਾਨੀ ਮਿਆਦੀ ਜਮ੍ਹਾਂ ਪ੍ਰਾਪਤੀ,
ਰੀਅਲ ਅਸਟੇਟ ਆਦਿ ਵਿਚ ਨਿਵੇਸ਼ ਲਈ ਕੀਤੀ ਗਈ। ਈਡੀ ਨੇ ਕਿਹਾ ਕਿ ਇਸ ਕਥਿਤ ਬੈਂਕ ਧੋਖਾਧੜੀ ਲਈ ਮੁਲਜ਼ਮ ਨੇ ਵਸਤਾਂ ਦੇ ਵਪਾਰ ਦੇ ਨਾਮ 'ਤੇ ਫ਼ੰਡ ਨੂੰ ਇੱਧਰ-ਉਧਰ ਕੀਤਾ। ਮੁਲਜ਼ਮ ਦਾ ਕਾਰੋਬਾਰੀ ਲੈਣ-ਦੇਣ ਸਹੀ ਨਹੀਂ ਸੀ ਅਤੇ ਉਸ ਨੇ ਬੈਂਕਾਂ ਨੂੰ ਭੁਗਤਾਨ ਪ੍ਰਤੀਬੱਧਤਾ ਨੂੰ ਪੂਰਾ ਨਹੀਂ ਕੀਤਾ। (ਏਜੰਸੀ)