
ਕਿਹਾ, ਯੂ.ਪੀ.ਏ. ਦੇ ਕਾਰਜਕਾਲ ਦੌਰਾਨ ਵਪਾਰ ਘਾਟਾ 30 ਗੁਣਾ ਵਧਿਆ ਸੀ
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਤੋਂ ਨਿਵੇਸ਼ ਦੀ ਇਜਾਜ਼ਤ ਦੇਣ ਬਾਰੇ ਸਰਕਾਰ ਦੇ ਸਟੈਂਡ ’ਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ ਆਰਥਕ ਸਰਵੇਖਣ ’ਚ ਪ੍ਰਗਟ ਕੀਤੇ ਗਏ ਵਿਚਾਰ ਸਰਕਾਰ ਦੇ ਨਜ਼ਰੀਏ ਦੀ ਨੁਮਾਇੰਦਗੀ ਨਹੀਂ ਕਰਦੇ।
ਲੋਕ ਸਭਾ ’ਚ ਪੂਰਕ ਸਵਾਲਾਂ ਦੇ ਜਵਾਬ ’ਚ ਗੋਇਲ ਨੇ ਇਹ ਵੀ ਕਿਹਾ ਕਿ ਸਰਕਾਰ ਚੀਨ ਤੋਂ ਕਿਸੇ ਨਿਵੇਸ਼ ਦੀ ਜਾਂਚ ਕਰਦੀ ਹੈ ਅਤੇ ਉਸ ਦਾ ਰੁਖ ਨਹੀਂ ਬਦਲਿਆ ਹੈ। ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਦੋਸ਼ ਲਾਇਆ ਕਿ ਭਾਰਤ ਚੀਨ ’ਤੇ ਨਿਰਭਰ ਹੋ ਗਿਆ ਹੈ। ਆਰਥਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਗੁਆਂਢੀ ਦੇਸ਼ ਤੋਂ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਪ੍ਰਾਪਤ ਕਰਨ ਦੀ ਹਮਾਇਤ ਕਰਦਾ ਹੈ।
ਗੋਇਲ ਨੇ ਕਾਂਗਰਸ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੇ ਸ਼ਾਸਨ ਦੌਰਾਨ ਭਾਰਤ ਗੁਆਂਢੀ ਦੇਸ਼ਾਂ ’ਤੇ ਨਿਰਭਰ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਕਾਰਜਕਾਲ ’ਚ ਆਯਾਤ 4 ਅਰਬ ਡਾਲਰ ਤੋਂ ਵਧ ਕੇ 40-45 ਅਰਬ ਡਾਲਰ ਹੋ ਗਿਆ, ਜੋ 10 ਗੁਣਾ ਜ਼ਿਆਦਾ ਹੈ। ਸਾਡੇ ਸਮੇਂ ’ਚ ਵਾਧਾ ਸਿਰਫ 2-2.5 ਗੁਣਾ ਹੈ। ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਕਦਮ ਚੁਕੇ ਹਨ।’’
ਉਨ੍ਹਾਂ ਕਿਹਾ, ‘‘ਮੈਂ ਸਿੱਧੇ ਤੌਰ ’ਤੇ ਯੂ.ਪੀ.ਏ. ’ਤੇ ਦੋਸ਼ ਲਗਾ ਰਿਹਾ ਹਾਂ। ਉਨ੍ਹਾਂ ਦਾ ਨਾਮ ਬਦਲ ਗਿਆ ਹੈ, ਹੁਣ ਇਹ ‘ਇੰਡੀ’ ਗਠਜੋੜ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਚੀਨ ਨਾਲ ਸਮਝੌਤਾ ਕੀ ਸੀ। ਯੂ.ਪੀ.ਏ. ਦੇ ਕਾਰਜਕਾਲ ਦੌਰਾਨ ਵਪਾਰ ਘਾਟਾ 30 ਗੁਣਾ ਵਧਿਆ ਸੀ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਚੀਨ ਅਤੇ ਉਸ ਦੇ ਨਿਵੇਸ਼ਾਂ ਨੂੰ ਵੀ ਕੰਟਰੋਲ ਕੀਤਾ ਹੈ।
ਆਰਥਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਗੋਇਲ ਨੇ ਕਿਹਾ ਕਿ ਜਿੱਥੋਂ ਤਕ ਮੁੱਖ ਆਰਥਕ ਸਲਾਹਕਾਰ ਦਾ ਸਵਾਲ ਹੈ, ਉਹ ਇਕ ਸੁਤੰਤਰ, ਖੁਦਮੁਖਤਿਆਰ ਰੀਪੋਰਟ ਲਿਆਉਂਦੇ ਹਨ। ਇਹ ਉਨ੍ਹਾਂ ਦੀ ਸੋਚ ਹੈ ਭਾਰਤ ਸਰਕਾਰ ਨੇ ਇਸ ਸਮੇਂ ਅਪਣਾ ਸਟੈਂਡ ਨਹੀਂ ਬਦਲਿਆ ਹੈ। ਉਨ੍ਹਾਂ ਕਿਹਾ, ‘‘ਚੀਨ ਤੋਂ ਆਉਣ ਵਾਲੇ ਨਿਵੇਸ਼ ਦੀ ਜਾਂਚ ਕੀਤੀ ਜਾਂਦੀ ਹੈ, ਜਿੱਥੇ ਅਸੀਂ ਇਸ ਨੂੰ ਉਚਿਤ ਨਹੀਂ ਸਮਝਦੇ, ਉੱਥੇ ਰੋਕ ਦਿਤਾ ਜਾਂਦਾ ਹੈ। ਸਾਡੀ ਨੀਤੀ ਇਕੋ ਜਿਹੀ ਰਹੇਗੀ। ਮੁੱਖ ਆਰਥਕ ਸਲਾਹਕਾਰ ਨੇ ਇਹ ਸਲਾਹ ਦਿਤੀ ਹੈ।’’
ਬਜਟ ਤੋਂ ਪਹਿਲਾਂ ਆਰਥਕ ਸਰਵੇਖਣ ਨੇ ਸਥਾਨਕ ਨਿਰਮਾਣ ਨੂੰ ਹੁਲਾਰਾ ਦੇਣ ਅਤੇ ਨਿਰਯਾਤ ਬਾਜ਼ਾਰਾਂ ਦਾ ਲਾਭ ਲੈਣ ਲਈ ਚੀਨ ਤੋਂ ਐਫ.ਡੀ.ਆਈ. ਦੀ ਜ਼ਰੂਰਤ ’ਤੇ ਜ਼ੋਰ ਦਿਤਾ ਸੀ। ਸਾਲ 2020 ’ਚ ਸਰਕਾਰ ਨੇ ਭਾਰਤ ਨਾਲ ਸਰਹੱਦ ਸਾਂਝਾ ਕਰਨ ਵਾਲੇ ਦੇਸ਼ਾਂ ਤੋਂ ਐੱਫ.ਡੀ.ਆਈ. ਮਨਜ਼ੂਰੀ ਲੈਣਾ ਲਾਜ਼ਮੀ ਕਰ ਦਿਤਾ ਸੀ। ਚੀਨ, ਬੰਗਲਾਦੇਸ਼, ਪਾਕਿਸਤਾਨ, ਭੂਟਾਨ, ਨੇਪਾਲ, ਮਿਆਂਮਾਰ ਅਤੇ ਅਫਗਾਨਿਸਤਾਨ ਭਾਰਤ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦੇ ਹਨ।