
ਖਤਰੇ ਨੂੰ ਰੋਕਣ ਲਈ ਭੂ-ਸਿਆਸੀ ਵਿਸ਼ਲੇਸ਼ਣ, ਵੀ.ਆਈ.ਪੀ. ਬੋਰਡਿੰਗ ਵਰਗੇ ਮਾਪਦੰਡਾਂ ਨੂੰ ਧਿਆਨ ’ਚ ਰੱਖਿਆ ਜਾਵੇਗਾ
ਨਵੀਂ ਦਿੱਲੀ : ਏਜੰਸੀਆਂ ਭਾਰਤੀ ਜਹਾਜ਼ਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ ਦੀ ਗੰਭੀਰਤਾ ’ਤੇ ਵਿਚਾਰ ਕਰਦੇ ਸਮੇਂ ਸੋਸ਼ਲ ਮੀਡੀਆ ਹੈਂਡਲ ਦੇ ਨਾਮ, ਭੂ-ਸਿਆਸੀ ਸਥਿਤੀ ਦਾ ਵਿਸ਼ਲੇਸ਼ਣ ਅਤੇ ਜਹਾਜ਼ ’ਚ ਵੀ.ਆਈ.ਪੀ. ਦੀ ਮੌਜੂਦਗੀ ਵਰਗੇ ਮਾਪਦੰਡਾਂ ਨੂੰ ਧਿਆਨ ’ਚ ਰੱਖਣਗੀਆਂ।
ਸ਼ਹਿਰੀ ਹਵਾਬਾਜ਼ੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਲਈ ਸ਼ਹਿਰੀ ਹਵਾਬਾਜ਼ੀ ਬਿਊਰੋ (ਬੀ.ਸੀ.ਏ.ਐਸ.) ਨੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹੁਕਮ ‘ਉਭਰ ਰਹੀਆਂ ਸੁਰੱਖਿਆ ਚੁਨੌਤੀਆਂ’ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ, ਖ਼ਾਸਕਰ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਜਹਾਜ਼ਾਂ ਵਿਚ ਬੰਬ ਰੱਖਣ ਬਾਰੇ ਜਾਅਲੀ ਜਾਣਕਾਰੀ ਫੈਲਾਉਣ ਦੇ ਵਧਦੇ ਰੁਝਾਨ ਦੇ ਮੱਦੇਨਜ਼ਰ।
ਪਿਛਲੇ ਦੋ ਹਫਤਿਆਂ ’ਚ 510 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਬੰਬ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਬਾਅਦ ’ਚ ਝੂਠੀਆਂ ਸਾਬਤ ਹੋਈਆਂ। ਇਨ੍ਹਾਂ ’ਚੋਂ ਜ਼ਿਆਦਾਤਰ ਸੂਚਨਾਵਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਗੁੰਮਨਾਮ ਹੈਂਡਲ ਜ਼ਰੀਏ ਦਿਤੀਆਂ ਗਈਆਂ ਸਨ। ਇਸ ਨਾਲ ਏਅਰਲਾਈਨ ਲਈ ਸੰਚਾਲਨ ਅਤੇ ਵਿੱਤੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
ਮੌਜੂਦਾ ਪ੍ਰਥਾ ਅਨੁਸਾਰ, ਕਿਸੇ ਏਅਰਲਾਈਨ, ਹਵਾਈ ਅੱਡੇ ਜਾਂ ਹਵਾਬਾਜ਼ੀ ਨਾਲ ਸਬੰਧਤ ਪ੍ਰਣਾਲੀ ਦੇ ਕਿਸੇ ਵੀ ਹਿੱਸੇ ਲਈ ਬੰਬ ਜਾਂ ਸੁਰੱਖਿਆ ਖਤਰੇ ਦਾ ਵਿਸ਼ਲੇਸ਼ਣ ਕਰਨ ਲਈ ਹਵਾਈ ਅੱਡੇ ’ਤੇ ਬੰਬ ਖਤਰੇ ਦਾ ਮੁਲਾਂਕਣ ਕਮੇਟੀ (ਬੀ.ਟੀ.ਏ.ਸੀ.) ਦੀ ਬੈਠਕ ਬੁਲਾਈ ਜਾਂਦੀ ਹੈ, ਜੋ ਇਸ ਨੂੰ ‘ਵਿਸ਼ੇਸ਼’ ਜਾਂ ਗੰਭੀਰ ਜਾਂ ‘ਅਸਪਸ਼ਟ’ ਜਾਂ ਅਫਵਾਹ ਐਲਾਨ ਕਰਨ ਦਾ ਫੈਸਲਾ ਕਰਦੀ ਹੈ।
ਇਸ ਕਮੇਟੀ ’ਚ ਬੀ.ਸੀ.ਏ.ਐਸ., ਸੀ.ਆਈ.ਐਸ.ਐਫ., ਸਥਾਨਕ ਪੁਲਿਸ, ਹਵਾਈ ਅੱਡੇ ਦੇ ਸੰਚਾਲਕਾਂ ਅਤੇ ਏਅਰਲਾਈਨ ਅਧਿਕਾਰੀਆਂ ਦੇ ਨੁਮਾਇੰਦੇ ਸ਼ਾਮਲ ਹਨ। ਬੀ.ਟੀ.ਏ.ਸੀ. 2014 ਦੀ ਬੰਬ ਖਤਰੇ ਦੀ ਐਮਰਜੈਂਸੀ ਯੋਜਨਾ (ਬੀ.ਟੀ.ਸੀ.ਪੀ.) ਦਾ ਹਿੱਸਾ ਹੈ, ਜਿਸ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਭਾਰਤੀ ਹਵਾਬਾਜ਼ੀ ਖੇਤਰ, ਇਸ ਦੀਆਂ ਜਾਇਦਾਦਾਂ ਅਤੇ ਮਨੁੱਖੀ ਸਰੋਤਾਂ ਨੂੰ ਬੰਬਾਂ, ਭੰਨਤੋੜ ਅਤੇ ਅਗਵਾ ਕਰਨ ਦੇ ਖਤਰਿਆਂ ਨਾਲ ਨਜਿੱਠਣ ਲਈ ਲਾਗੂ ਕੀਤਾ ਗਿਆ ਹੈ।
19 ਅਕਤੂਬਰ ਨੂੰ ਨੋਟੀਫਾਈ ਕੀਤੀਆਂ ਨਵੀਆਂ ਹਦਾਇਤਾਂ ਅਨੁਸਾਰ, ਬੀ.ਟੀ.ਏ.ਸੀ. ਖਤਰਿਆਂ ਦਾ ਮੁਲਾਂਕਣ ਕਰਨ ਅਤੇ ਸੋਸ਼ਲ ਮੀਡੀਆ ਤੋਂ ਦਿਤੀਆਂ ਅਜਿਹੀਆਂ ਧਮਕੀਆਂ ਦੀ ‘ਭਰੋਸੇਯੋਗਤਾ ਅਤੇ ਗੰਭੀਰਤਾ’ ਨੂੰ ਨਿਰਧਾਰਤ ਕਰਨ ਅਤੇ ਜਾਣਕਾਰੀ ਦੇ ਸਰੋਤ ਦੀ ‘ਭਰੋਸੇਯੋਗਤਾ’ ਬਾਰੇ ਅਪਣੇ ਆਪ ਨੂੰ ਸੰਤੁਸ਼ਟ ਕਰਨ ਲਈ ‘ਬਹੁ-ਪੱਧਰੀ’ ਪਹੁੰਚ ਅਪਣਾਏਗੀ।
ਨਵੇਂ ਪ੍ਰੋਟੋਕੋਲ ਅਨੁਸਾਰ, ਕਮੇਟੀ ਧਮਕੀਆਂ ਦੇਣ ਵਾਲੇ ਵਿਅਕਤੀ ਜਾਂ ਸੰਗਠਨ ਦੀ ਪਛਾਣ ਸਥਾਪਤ ਕਰੇਗੀ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਕਿਸੇ ਅਤਿਵਾਦੀ ਜਾਂ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧਤ ਹਨ।
ਕਮੇਟੀ ਇਹ ਵੀ ਪਤਾ ਲਗਾਏਗੀ ਕਿ ਕੀ ਧਮਕੀ ਪ੍ਰਾਪਤ ਉਡਾਨ ’ਚ ਕੋਈ ਵੀ.ਆਈ.ਪੀ. ਹੈ, ਕੀ ਉਨ੍ਹਾਂ ਸੋਸ਼ਲ ਮੀਡੀਆ ਹੈਂਡਲਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਸੋਸ਼ਲ ਮੀਡੀਆ ਹੈਂਡਲਾਂ ਤੋਂ ਧਮਕੀ ਦਿਤੀ ਗਈ ਸੀ, ਕੀ ਅਕਾਊਂਟ ਜਾਂ ਹੈਂਡਲ ਗੁੰਮਨਾਮ ਹੈ ਜਾਂ ਉਪਨਾਮੀ ਹੈ ਅਤੇ ਕੀ ਇਕੋ ਹੈਂਡਲ ਦੀ ਵਰਤੋਂ ਕਰ ਕੇ ਕਈ ਧਮਕੀਆਂ ਦਿਤੀਆਂ ਗਈਆਂ ਸਨ। ਹਵਾਬਾਜ਼ੀ ਸੁਰੱਖਿਆ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਨਵੀਆਂ ਹਦਾਇਤਾਂ ਲਾਗੂ ਹੋ ਗਈਆਂ ਹਨ ਅਤੇ ਇਸ ਨੂੰ ਲਿਆਉਣ ਦਾ ਕਾਰਨ ਪਿਛਲੇ ਕੁੱਝ ਦਿਨਾਂ ਵਿਚ 400 ਤੋਂ ਵੱਧ ਉਡਾਣਾਂ ਵਿਚ ਬੰਬ ਹੋਣ ਦੀ ਅਫਵਾਹ ਹੈ।
ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਦੋ ਹਫਤਿਆਂ ’ਚ ਜ਼ਿਆਦਾਤਰ ਮਾਮਲਿਆਂ ’ਚ, ਇਕੋ ਸੋਸ਼ਲ ਮੀਡੀਆ ਹੈਂਡਲ ਤੋਂ ਕਈ ਧਮਕੀਆਂ ਭੇਜੀਆਂ ਗਈਆਂ ਸਨ ਅਤੇ ਉਨ੍ਹਾਂ ਕੋਲ ਵਿਸ਼ੇਸ਼ ਫਲਾਈਟ ਨੰਬਰ ਸਨ। ਪਹਿਲਾਂ ਅਜਿਹੀਆਂ ਧਮਕੀਆਂ ਨੂੰ ‘ਵਿਸ਼ੇਸ਼’ ਐਲਾਨਿਆ ਜਾਂਦਾ ਸੀ ਪਰ ਹੁਣ ਬੰਬ ਵਾਲੀ ਥਾਂ ਬਾਰੇ ਜਾਣਕਾਰੀ ਨੂੰ ਰੋਕਣ ਲਈ ਬਹੁ-ਕਾਰਕ ਪ੍ਰਮਾਣਿਕਤਾ ਪ੍ਰਕਿਰਿਆ ਅਪਣਾਈ ਜਾ ਰਹੀ ਹੈ।