
ਮਾਈਕ੍ਰੋਸਾਫਟ ਹੋਵੇ ਜਾਂ ਗੂਗਲ, ਅਡੋਬ ਹੋਵੇ ਜਾਂ ਆਈਬੀਐਮ, ਸਾਰੀਆਂ ਕੰਪਨੀਆਂ ਭਾਰਤੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਹਨ।
ਨਵੀਂ ਦਿੱਲੀ: ਸੋਮਵਾਰ ਨੂੰ ਜੈਕ ਡੋਰਸੀ ਵਲੋਂ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿਚ ਦੇਖੀਏ ਤਾਂ ਡਿਜੀਟਲ ਦੁਨੀਆਂ ਦੀ ਕਮਾਨ ਇਸ ਸਮੇਂ ਭਾਰਤੀਆਂ ਦੇ ਹੱਥਾਂ ਵਿਚ ਹੈ। ਮਾਈਕ੍ਰੋਸਾਫਟ ਹੋਵੇ ਜਾਂ ਗੂਗਲ, ਅਡੋਬ ਹੋਵੇ ਜਾਂ ਆਈਬੀਐਮ, ਸਾਰੀਆਂ ਕੰਪਨੀਆਂ ਭਾਰਤੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਹਨ। ਹੁਣ ਇਸ ਵਿਚ ਪਰਾਗ ਅਗਰਵਾਲ ਦਾ ਨਵਾਂ ਨਾਂਅ ਜੁੜ ਗਿਆ ਹੈ। ਆਓ ਜਾਣਦੇ ਹਾਂ ਇਸ ਸੂਚੀ ਵਿਚ ਹੋਰ ਕਿਹੜੇ-ਕਿਹੜੇ ਭਾਰਤੀ ਸ਼ਾਮਲ ਹਨ।
Jack Dorsey and Parag Agrawal
ਦੁਨੀਆ ਦੀਆਂ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਸਾਈਟਾਂ 'ਚੋਂ ਇਕ ਟਵਿਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਇਸ ਦੀ ਕਮਾਨ ਭਾਰਤੀ ਮੂਲ ਦੇ ਪਰਾਗ ਅਗਰਵਾਲ ਦੇ ਹੱਥਾਂ 'ਚ ਆ ਗਈ ਹੈ। ਪਰਾਗ ਨੂੰ ਟਵਿਟਰ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਰਾਗ ਅਗਰਵਾਲ ਕੰਪਨੀ ਵਿਚ ਚੀਫ਼ ਟੈਕਨਾਲੋਜੀ ਅਫ਼ਸਰ (ਸੀਟੀਓ) ਵਜੋਂ ਤਾਇਨਾਤ ਸਨ। 2011 ਵਿਚ ਇਕ ਇੰਜੀਨੀਅਰ ਵਜੋਂ ਕੰਪਨੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਸੀਟੀਓ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹੁਣ ਉਹ ਸੀਈਓ ਦੀ ਕੁਰਸੀ 'ਤੇ ਵਿਰਾਜਮਾਨ ਹੋ ਗਏ ਹਨ। ਉਹਨਾਂ ਨੇ ਆਈਆਈਟੀ ਬੰਬੇ ਤੋਂ ਇੰਜੀਨੀਅਰਿੰਗ ਅਤੇ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਪੀਐਚਡੀ ਦੀ ਪੜ੍ਹਾਈ ਕੀਤੀ ਹੈ।
Parag Agrawal
ਸੁੰਦਰ ਪਿਚਾਈ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਦੇ ਸੀਈਓ ਹਨ। ਸੁੰਦਰ ਪਿਚਾਈ ਨੂੰ ਸਾਲ 2015 ਵਿਚ ਗੂਗਲ ਕੰਪਨੀ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ। ਸੁੰਦਰ ਪਿਚਾਈ ਸਾਲ 2004 ਵਿਚ ਗੂਗਲ ਨਾਲ ਜੁੜੇ ਸਨ। ਗੂਗਲ ਅਤੇ ਟਵਿੱਟਰ ਦੇ ਨਾਲ-ਨਾਲ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ 'ਚ ਵੀ ਸਭ ਕੰਮ ਭਾਰਤੀ ਮੂਲ ਦੇ ਲੋਕਾਂ ਦੇ ਕਹਿਣ 'ਤੇ ਕੀਤਾ ਜਾਂਦਾ ਹੈ। ਭਾਰਤੀ ਮੂਲ ਦੇ ਸੱਤਿਆ ਨਡੇਲਾ ਮਾਈਕ੍ਰੋਸਾਫਟ ਦੇ ਸੀਈਓ ਵਜੋਂ ਤਾਇਨਾਤ ਹਨ। ਹੈਦਰਾਬਾਦ ਵਿਚ ਜੰਮੇ ਨਡੇਲਾ ਨੂੰ 2014 ਵਿਚ ਕੰਪਨੀ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਇਸ ਅਹੁਦੇ 'ਤੇ ਬਣੇ ਹੋਏ ਹਨ।
Google CEO Sundar Pichai
ਦੁਨੀਆ ਦੀ ਮਸ਼ਹੂਰ ਕੰਪਿਊਟਰ ਹਾਰਡਵੇਅਰ ਕੰਪਨੀ ਆਈਬੀਐਮ 'ਚ ਸੀਈਓ ਦਾ ਅਹੁਦਾ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਦੇ ਹੱਥਾਂ 'ਚ ਹੈ। ਅਰਵਿੰਦ ਦਾ ਜਨਮ ਆਂਧਰਾ ਪ੍ਰਦੇਸ਼, ਭਾਰਤ ਵਿਚ ਹੋਇਆ ਸੀ ਅਤੇ ਉਹਨਾਂ ਨੂੰ ਸਾਲ 2020 ਵਿਚ ਆਈਬੀਐਮ ਕੰਪਨੀ ਦਾ ਸੀਈਓ ਬਣਾਇਆ ਗਿਆ ਸੀ। ਅਰਵਿੰਦ ਕ੍ਰਿਸ਼ਨ ਨੇ ਆਈਆਈਟੀ ਕਾਨਪੁਰ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਾਰਤੀ ਲੋਕ ਹਨ ਜੋ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਸੀਈਓ ਦੇ ਅਹੁਦੇ 'ਤੇ ਬੈਠੇ ਹਨ ਅਤੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ।
Satya Nadella
ਇਹਨਾਂ ਵਿਚ ਕੈਲੀਫੋਰਨੀਆ ਸਥਿਤ ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ, ਅਰਿਸਟਾ ਨੈਟਵਰਕਸ ਦੇ ਸੀਈਓ ਜੈਸ਼੍ਰੀ ਉੱਲਾਲ, ਵੀਐਮ ਵੇਅਰ ਦੇ ਸੀਈਓ ਰੰਗਰਾਜਨ ਰਘੁਰਾਮ, ਮਾਸਟਰਕਾਰਡ ਦੇ ਸੀਈਓ ਅਜੈਪਾਲ ਸਿੰਘ ਬੰਗਾ, ਵੀਮਿਓ ਆਨਲਾਈਨ ਵੀਡੀਓ ਪਲੇਟਫਾਰਮ ਦੇ ਸੀਈਓ ਅੰਜਲੀ ਸੂਦ ਅਤੇ ਪਾਲੋ ਆਲਟੋ ਨੈੱਟਵਰਕ ਦੇ ਸੀਈਓ ਨਿਕੇਸ਼ ਅਰੋੜਾ ਸ਼ਾਮਲ ਹਨ। ਹੁਣ ਇਸ ਸੂਚੀ 'ਚ ਪਰਾਗ ਅਗਰਵਾਲ ਦਾ ਨਾਂਅ ਸ਼ਾਮਲ ਹੋਣਾ ਭਾਰਤ ਲਈ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ।