
ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਜੁੜੀਆਂ ਚਿੰਤਾਵਾਂ ਕਾਰਨ ਕੀਤਾ ਗਿਆ ਫੈਸਲਾ
Paytm Payments Bank: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪੇ.ਟੀ.ਐਮ. ਪੇਮੈਂਟਸ ਬੈਂਕ ਲਿਮਟਿਡ ਨੂੰ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ ਜਿਵੇਂ ਕਿ ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ਆਦਿ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਕਰਨ ਤੋਂ ਰੋਕ ਦਿਤਾ ਹੈ।
ਪੇ.ਟੀ.ਐਮ. ਪੇਮੈਂਟਸ ਬੈਂਕ ਲਿਮਟਿਡ (ਪੀ.ਪੀ.ਬੀ.ਐਲ.) ਵਿਰੁਧ ਆਰ.ਬੀ.ਆਈ. ਦੀ ਕਾਰਵਾਈ ਉਸ ਸਮੇਂ ਆਈ ਹੈ ਜਦੋਂ ਉਸ ਨੇ ਇਕ ਵਿਆਪਕ ਸਿਸਟਮ ਆਡਿਟ ਰੀਪੋਰਟ ਅਤੇ ਬਾਹਰੀ ਆਡੀਟਰਾਂ ਦੀ ਪਾਲਣਾ ਤਸਦੀਕ ਰੀਪੋਰਟ ਪੇਸ਼ ਕੀਤੀ ਹੈ। ਰਿਜ਼ਰਵ ਬੈਂਕ ਨੇ ਬੁਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਇਨ੍ਹਾਂ ਰੀਪੋਰਟਾਂ ਨੇ ਭੁਗਤਾਨ ਬੈਂਕ ਵਿਚ ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਜੁੜੀਆਂ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਲਈ ਅਗਲੇਰੀ ਜਾਂਚ ਕਾਰਵਾਈ ਦੀ ਲੋੜ ਪਈ।’’
ਕੇਂਦਰੀ ਬੈਂਕ ਨੇ ਕਿਹਾ ਕਿ 29 ਫਰਵਰੀ 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਸਾਧਨ, ਵਾਲੇਟ, ਫਾਸਟੈਗ, ਐਨ.ਸੀ.ਐਮ.ਸੀ. ਕਾਰਡ ਆਦਿ ’ਚ ਕਿਸੇ ਵੀ ਜਮ੍ਹਾ ਜਾਂ ਕ੍ਰੈਡਿਟ ਲੈਣ-ਦੇਣ ਜਾਂ ਟਾਪ ਅੱਪ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ, ਕੋਈ ਵੀ ਵਿਆਜ, ਕੈਸ਼ਬੈਕ ਜਾਂ ਰਿਫੰਡ ਕਿਸੇ ਵੀ ਸਮੇਂ ਜਮ੍ਹਾ ਕੀਤਾ ਜਾ ਸਕਦਾ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਪੇ.ਟੀ.ਐਮ. ਪੇਮੈਂਟਸ ਬੈਂਕ ਦੇ ਗਾਹਕਾਂ ਨੂੰ ਬਚਤ ਬੈਂਕ ਖਾਤਿਆਂ, ਚਾਲੂ ਖਾਤਿਆਂ, ਪ੍ਰੀਪੇਡ ਚੈਨਲਾਂ, ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐਨ.ਸੀ.ਐਮ.ਸੀ.) ਸਮੇਤ ਅਪਣੇ ਖਾਤਿਆਂ ਤੋਂ ਬਿਨਾਂ ਕਿਸੇ ਪਾਬੰਦੀ ਦੇ ਅਪਣੇ ਖਾਤਿਆਂ ਤੋਂ ਅਪਣਾ ਬਕਾਇਆ ਕਢਵਾਉਣ ਜਾਂ ਵਰਤਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਪਹਿਲਾਂ ਮਾਰਚ 2022 ’ਚ ਆਰ.ਬੀ.ਆਈ. ਨੇ ਪੀ.ਪੀ.ਬੀ.ਐਲ. ਨੂੰ ਤੁਰਤ ਪ੍ਰਭਾਵ ਨਾਲ ਨਵੇਂ ਗਾਹਕ ਜੋੜਨ ਤੋਂ ਰੋਕ ਦਿਤਾ ਸੀ।