
ਮਹੀਨੇ ਦਰ ਮਹੀਨੇ ਆਧਾਰ ’ਤੇ ਨਵੰਬਰ ’ਚ ਇਨ੍ਹਾਂ ਸੈਕਟਰਾਂ ’ਚ ਉਤਪਾਦਨ ਵਾਧਾ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ
ਨਵੀਂ ਦਿੱਲੀ : ਅੱਠ ਮੁੱਖ ਬੁਨਿਆਦੀ ਢਾਂਚਾ ਖੇਤਰਾਂ ਦਾ ਉਤਪਾਦਨ ਨਵੰਬਰ 2024 ’ਚ ਘੱਟ ਕੇ 4.3 ਫ਼ੀ ਸਦੀ ਰਹਿ ਗਿਆ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 7.9 ਫੀ ਸਦੀ ਸੀ। ਪਿਛਲੇ ਮਹੀਨੇ ਇਨ੍ਹਾਂ ਖੇਤਰਾਂ ਦੇ ਉਤਪਾਦਨ ’ਚ ਵਾਧਾ ਅਕਤੂਬਰ 2024 ’ਚ ਦਰਜ ਕੀਤੇ ਗਏ 3.7 ਫ਼ੀ ਸਦੀ ਦੇ ਵਾਧੇ ਨਾਲੋਂ ਵੱਧ ਸੀ।
ਮਹੀਨੇ ਦਰ ਮਹੀਨੇ ਆਧਾਰ ’ਤੇ ਨਵੰਬਰ ’ਚ ਇਨ੍ਹਾਂ ਸੈਕਟਰਾਂ ’ਚ ਉਤਪਾਦਨ ਵਾਧਾ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਨਵੰਬਰ 2024 ’ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ ’ਚ ਗਿਰਾਵਟ ਆਈ ਹੈ।
ਕੋਲਾ, ਰਿਫਾਇਨਰੀ ਉਤਪਾਦ, ਖਾਦ, ਸਟੀਲ ਅਤੇ ਬਿਜਲੀ ਉਤਪਾਦਨ ਕ੍ਰਮਵਾਰ 7.5 ਫੀ ਸਦੀ, 2.9 ਫੀ ਸਦੀ, 2 ਫੀ ਸਦੀ, 4.8 ਫੀ ਸਦੀ ਅਤੇ 3.8 ਫੀ ਸਦੀ ਵਧਿਆ। ਪਿਛਲੇ ਸਾਲ ਨਵੰਬਰ ’ਚ ਕੋਲਾ ਉਤਪਾਦਨ ’ਚ 10.9 ਫੀ ਸਦੀ, ਰਿਫਾਇਨਰੀ ਉਤਪਾਦਾਂ ’ਚ 12.4 ਫੀ ਸਦੀ, ਖਾਦਾਂ ’ਚ 3.3 ਫੀ ਸਦੀ, ਸਟੀਲ ’ਚ 9.7 ਫੀ ਸਦੀ ਅਤੇ ਬਿਜਲੀ ਉਤਪਾਦਨ ’ਚ 5.8 ਫੀ ਸਦੀ ਦਾ ਵਾਧਾ ਹੋਇਆ ਸੀ।
ਸਮੀਖਿਆ ਅਧੀਨ ਮਹੀਨੇ ਦੌਰਾਨ ਸੀਮੈਂਟ ਉਤਪਾਦਨ 13 ਫ਼ੀ ਸਦੀ ਦੀ ਰਫਤਾਰ ਨਾਲ ਵਧਿਆ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਨਵੰਬਰ ਦੌਰਾਨ ਮੁੱਖ ਬੁਨਿਆਦੀ ਢਾਂਚਾ ਖੇਤਰ ਦੀ ਵਾਧਾ ਦਰ 4.2 ਫੀ ਸਦੀ ਰਹੀ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 8.7 ਫ਼ੀ ਸਦੀ ਸੀ। ਅੱਠ ਮੁੱਖ ਉਦਯੋਗ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਹਨ। ਇਹ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਦਾ 40.27 ਫ਼ੀ ਸਦੀ ਬਣਦਾ ਹੈ।
ਅੰਕੜਿਆਂ ’ਤੇ ਟਿਪਣੀ ਕਰਦਿਆਂ, ਆਈ.ਸੀ.ਆਰ.ਏ. ਲਿਮਟਿਡ ਸੀਮੈਂਟ ਡਿਵੈਲਪਮੈਂਟ ਸੈਂਟਰ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰਾਂ ਦੇ ਪ੍ਰਦਰਸ਼ਨ ’ਚ ਕ੍ਰਮਵਾਰ ਵਾਧਾ ਸੀਮੈਂਟ ਉਤਪਾਦਨ ’ਚ ਤੇਜ਼ੀ ਨਾਲ ਵਾਧੇ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਨਵੰਬਰ 2024 ’ਚ ਆਈ.ਆਈ.ਪੀ. 5-7 ਫੀ ਸਦੀ ਦੀ ਦਰ ਨਾਲ ਵਧੇਗੀ।’’