
ਮੁੰਬਈ, 10 ਨਵੰਬਰ: ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦਾ ਸਤੰਬਰ 'ਚ ਦੂਜੀ ਤਿਮਾਹੀ ਦੌਰਾਨ ਲਾਭ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ ਕਈ ਗੁਣਾ ਵਧ ਕੇ 1,840.43 ਕਰੋੜ ਰੁਪਏ ਹੋ ਗਿਆ। ਐਸ.ਬੀ.ਆਈ. ਲਾਈਫ਼ ਇੰਸ਼ੋਰੈਂਸ 'ਚ ਬੈਂਕ ਦੀਆਂ ਕੁਝ ਹਿੱਸੇਦਾਰੀਆਂ ਦੀ ਵਿਕਰੀ ਤੋਂ ਲਾਭ 'ਚ ਵਾਧਾ ਦਰਜ ਕੀਤਾ ਗਿਆ। ਇਕ ਸਾਲ ਪਹਿਲਾਂ ਦੂਜੀ ਤਿਮਾਹੀ 'ਚ ਬੈਂਕ ਦਾ ਸ਼ੁਧ ਲਾਭ 20.70 ਕਰੋੜ ਰੁਪਏ ਰਿਹਾ ਸੀ। ਦੂਸਰੀ ਤਿਮਾਹੀ 'ਚ ਹਾਲਾਂਕਿ, ਏਕਲ ਆਧਾਰ 'ਤੇ ਬੈਂਕ ਦਾ ਮੁਨਾਫ਼ਾ ਫਸੀ ਕਰਜ਼ਾ ਰਾਸ਼ੀ ਵਧਣ ਨਾਲ 37.9 ਫ਼ੀ ਸਦੀ ਘਟ ਕੇ 1,581.55 ਕਰੋੜ ਰੁਪਏ ਰਹਿ ਗਿਆ। ਪਿਛਲੇ ਸਾਲ ਬੈਂਕ ਦਾ ਸ਼ੁਧ ਲਾਭ 2,538.32 ਕਰੋੜ ਰੁਪਏ ਰਿਹਾ ਸੀ।
ਚਾਲੂ ਵਿੱਤੀ ਸਾਲ ਦੌਰਾਨ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਏਕਲ ਆਧਾਰ 'ਤੇ ਬੈਂਕ ਦੀ ਕੁਲ ਆਮਦਨ ਵਧ ਕੇ 654,429.63 ਕਰੋੜ ਰੁਪਏ 'ਤੇ ਪਹੁੰਚ ਗਈ। ਪਿਛਲੇ ਸਾਲ ਇਸੇ ਮਿਆਦ 'ਚ ਇਹ 50,742.90 ਕਰੋੜ ਰੁਪਏ ਰਹੀ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਇਹ ਜਾਣਕਾਰੀ ਦਿਤੀ ਹੈ। ਇਸੇ ਤਿਮਾਹੀ ਦੌਰਾਨ ਬੈਂਕ ਦੇ ਫਸੇ ਕਰਜ਼ਿਆਂ ਦੀ ਸਥਿਤੀ ਹੋਰ ਵਿਗੜੀ ਹੈ। 30 ਸਤੰਬਰ ਨੂੰ ਬੈਂਕ ਦਾ ਸਕਲ ਐਨ.ਪੀ.ਏ. 9.83 ਫ਼ੀ ਸਦੀ 'ਤੇ ਪਹੁੰਚ ਗਿਆ। ਪਿਛਲੇ ਸਾਲ ਇਸੇ ਮਿਆਦ 'ਚ ਇਹ 7.14 ਫ਼ੀ ਸਦੀ ਸੀ। ਇਸੇ ਤਰ੍ਹਾਂ ਸ਼ੁਧ ਐਨ.ਪੀ.ਏ. ਪਿਛਲੇ ਸਾਲ ਦੇ 4.19 ਫ਼ੀ ਸਦੀ ਤੋਂ ਵਧ ਕੇ 5.43 ਫ਼ੀ ਸਦੀ ਹੋ ਗਿਆ।ਫਸੇ ਕਰਜ਼ਿਆਂ ਦਾ ਅਨੁਪਾਤ ਵਧਣ ਦੇ ਨਾਲ ਹੀ ਇਸ ਲਈ ਕੀਤੇ ਜਾਣ ਵਾਲੇ ਪ੍ਰਸਤਾਵ ਵੀ ਵਧ ਕੇ ਦੁੱਗਣੇ ਤੋਂ ਵੀ ਜ਼ਿਆਦਾ 16,715.20 ਕਰੋੜ ਰੁਪਏ ਤਕ ਪਹੁੰਚ ਗਿਆ। ਪਿਛਲੇ ਸਾਲ ਇਸੇ ਮਿਆਦ 'ਚ ਇਹ ਰਾਸ਼ੀ 7,669.66 ਕਰੋੜ ਰਪਏ 'ਤੇ ਸੀ। (ਏਜੰਸੀ)