
Punjab and Haryana High Court : ਹਾਈ ਕੋਰਟ ’ਚ ਸਰਪੰਚੀ ਲਈ ਬੋਲੀ ਖਿਲਾਫ਼ ਪਾਈ ਗਈ ਸੀ ਪਟੀਸ਼ਨ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕਰਾਰ ਦਿੰਦਿਆਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਸੀ।
ਇਹ ਪਟੀਸ਼ਨ ਐਡਵੋਕੇਟ ਸਤਿੰਦਰ ਕੌਰ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਉਨ੍ਹਾਂ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਪੰਜਾਬ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਕਈ ਥਾਵਾਂ ’ਤੇ ਸਰਪੰਚ ਦੇ ਅਹੁਦੇ ਲਈ ਬੋਲੀ ਹੋ ਰਹੀ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਸਰਪੰਚ ਦਾ ਅਹੁਦਾ ਵੇਚਣਾ ਗੈਰ-ਸੰਵਿਧਾਨਕ ਹੈ। ਚੋਣਾਂ ਵਿੱਚ ਬੋਲੀ ਲਗਾ ਕੇ ਚੋਣ ਜ਼ਾਬਤੇ ਅਤੇ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਅਦਾਲਤ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਭਾਜਪਾ ਆਗੂ ਨੇ ਲਗਾਈ ਸੀ ਬੋਲੀ
ਭਾਜਪਾ ਆਗੂ ਆਤਮਾ ਸਿੰਘ ਅਨੁਸਾਰ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਉਸ ਸਮੇਂ ਸਾਰੇ ਪਿੰਡ ਵਾਸੀ ਇਸ ਬੋਲੀ ਲਈ ਸਹਿਮਤ ਹੋ ਗਏ ਸਨ। ਹਾਲਾਂਕਿ ਉਸ ਸਮੇਂ ਪਿੰਡ ਦੇ ਨੌਜਵਾਨ ਸਭਾ ਨੇ ਦਾਅਵਾ ਕੀਤਾ ਸੀ ਕਿ ਬੋਲੀ ਤੋਂ ਆਉਣ ਵਾਲਾ ਪੈਸਾ ਪਿੰਡ ਦੇ ਵਿਕਾਸ 'ਤੇ ਖਰਚ ਕੀਤਾ ਜਾਵੇਗਾ। ਜਦੋਂ ਕਿ ਪੰਚਾਇਤ ਨੂੰ ਦਿੱਤੀ ਜਾਣ ਵਾਲੀ ਗਰਾਂਟ ਵੱਖਰੀ ਹੋਵੇਗੀ।
ਬੋਲੀ ਲਗਾਉਣ ਲਈ ਗੁਰਦੁਆਰੇ ਤੋਂ ਕੀਤਾ ਗਿਆ ਸੀ ਐਲਾਨ
ਪਿੰਡ ’ਚ ਸਰਪੰਚ ਦੇ ਅਹੁਦੇ ਦੀ ਬੋਲੀ ਸਬੰਧੀ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਲਈ ਅੱਗੇ ਨਹੀਂ ਆਇਆ।
ਪਹਿਲਾਂ ਭਾਜਪਾ ਨੇਤਾ ਆਤਮਾ ਰਾਮ ਨੇ 50 ਲੱਖ ਰੁਪਏ ਦੀ ਬੋਲੀ ਲਗਾਈ। ਉਸ ਦੇ ਮੁਕਾਬਲੇ ਜਸਵਿੰਦਰ ਸਿੰਘ ਨੇ 1 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ।
ਬੋਲੀ ਦੀ ਰਕਮ ਖਰਚਣ ਦਾ ਅਧਿਕਾਰ ਸਭਾ ਕੋਲ ਹੋਵੇਗਾ
ਪਿੰਡ ਹਰਦੋਵਾਲ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਹੈ। ਪੰਚਾਇਤ ਕੋਲ 300 ਏਕੜ ਜ਼ਮੀਨ ਹੈ। ਜਦੋਂ ਤੋਂ ਪਿੰਡ ਦੀ ਪੰਚਾਇਤ ਭੰਗ ਹੋਈ ਹੈ, ਉਦੋਂ ਤੋਂ ਹੀ ਪਿੰਡ ਦੀ ਨੌਜਵਾਨ ਸਭਾ (21 ਮੈਂਬਰੀ ਕਮੇਟੀ) ਸਾਰਾ ਪ੍ਰਬੰਧ ਦੇਖ ਰਹੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚ ਦੇ ਅਹੁਦੇ ਲਈ ਸਭ ਤੋਂ ਵੱਧ ਰਾਸ਼ੀ ਦੇਣ ਵਾਲੇ ਵਿਅਕਤੀ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇਗਾ।
ਜੋ ਪੈਸਾ ਆਵੇਗਾ ਉਹ ਸਭਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ 'ਤੇ ਖਰਚ ਕੀਤਾ ਜਾਵੇਗਾ। ਜਦੋਂ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਵੱਖਰੀ ਹੋਵੇਗੀ। ਇਸ 'ਤੇ ਸਾਰਿਆਂ ਨੇ ਸਹਿਮਤੀ ਜਤਾਈ ਹੈ।