
ਇਕ ਸਮੈਸਟਰ ਵਿੱਚ ਵਿਦਿਆਰਥਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ
Chandigarh News : ਵਿਦਿਆਰਥਣਾਂ ਨੂੰ ਹੁਣ ਪੀਰੀਅਡ ਆਉਣ ਉਤੇ ਛੁੱਟੀ ਮਿਲੇਗੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਲਈ ਇਕ ਸਮੈਸਟਰ ਵਿੱਚ ਵਿਦਿਆਰਥਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ (ਪੀਯੂ) 'ਚ ਇੱਕ ਸਮੈਸਟਰ 'ਚ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਲੈ ਸਕਣਗੀਆਂ। ਵਿਦਿਆਰਥਣਾਂ ਇੱਕ ਸਾਲ ਦੇ ਸੈਸ਼ਨ ਮਤਲਬ ਕਿ 2 ਸਮੈਸਟਰਾਂ ਵਿਚ ਕੁੱਲ 8 ਛੁੱਟੀਆਂ ਲੈ ਸਕਣਗੀਆਂ। ਇਸ ਫ਼ੈਸਲੇ ’ਤੇ ਪੀ.ਯੂ. ਪ੍ਰਬੰਧਕਾਂ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ।
ਇਹ ਨੋਟੀਫਿਕੇਸ਼ਨ ਪੀ.ਯੂ. ਪ੍ਰਬੰਧਨ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਟਿਊਟ/ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ। ਨੋਟੀਫਿਕੇਸ਼ਨ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਦੇ ਦਿਨਾਂ 'ਚ ਵਿਦਿਆਰਥਣਾਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ, ਮਿਡ ਸਮੈਸਟਰ ਜਾਂ ਫਾਈਨਲ ਜਾਂ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਣ। ਇਸ ਤੋਂ ਇਲਾਵਾ ਥਿਊਰੀ ਪ੍ਰੀਖਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣ।
ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਵਿਦਿਆਰਥਣ ਛੁੱਟੀ ’ਤੇ ਹੋਵੇਗੀ, ਸਿਰਫ਼ ਉਸ ਦਿਨ ਦੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇ ਗਏ ਲੈਕਚਰਾਂ ’ਚ ਮਹੀਨੇ ਦੇ ਅਖ਼ੀਰ ’ਚ ਜੋੜਿਆ ਜਾਵੇਗਾ।