
ਜਾਣੋ ਕੀ ਹੋਵੇਗਾ ਰੂਟ ਅਤੇ ਸਮਾਂ
Chandigarh news: ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਵੰਦੇ ਭਾਰਤ ਦੀ ਸਹੂਲਤ ਮਿਲਣ ਜਾ ਰਹੀ ਹੈ। ਦਰਅਸਲ ਅਜਮੇਰ ਤੋਂ ਦਿੱਲੀ ਤਕ ਚੱਲਣ ਵਾਲੀ ਵੰਦੇ ਭਾਰਤ ਟਰੇਨ ਦਾ ਵਿਸਥਾਰ ਕੀਤਾ ਗਿਆ ਹੈ। ਦਿੱਲੀ ਤਕ ਚੱਲਣ ਵਾਲੀ ਵੰਦੇ ਭਾਰਤ ਟਰੇਨ ਹੁਣ ਚੰਡੀਗੜ੍ਹ ਤਕ ਚੱਲਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਮਾਰਚ ਨੂੰ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਅਜਿਹੇ ਵਿਚ ਚੰਡੀਗੜ੍ਹ ਤੋਂ ਅਜਮੇਰ ਜਾਣ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਇਸ ਤੋਂ ਇਲਾਵਾ ਜੈਪੁਰ ਅਤੇ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਲੋਕ ਵੀ ਇਸ ਦਾ ਲਾਭ ਲੈ ਸਕਦੇ ਹਨ। ਇਸ ਪ੍ਰੋਗਰਾਮ ਵਿਚ ਸੰਸਦ ਮੈਂਬਰ ਕਿਰਨ ਖੇਰ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਭਾਜਪਾ ਦੇ ਕਈ ਆਗੂ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਵਿਚ ਵਰਚੂਅਲ ਤਰੀਕੇ ਨਾਲ ਸ਼ਾਮਲ ਹੋਣਗੇ ਅਤੇ ਸਵੇਰੇ 9.30 ਵਜੇ ਹਰੀ ਝੰਡੀ ਦਿਖਾ ਕੇ ਟਰੇਨ ਨੂੰ ਰਵਾਨਾ ਕਰਨਗੇ।
ਕਿੰਨੇ ਘੰਟੇ ਦਾ ਹੋਵੇਗਾ ਸਫ਼ਰ
ਚੰਡੀਗੜ੍ਹ ਤੋਂ ਅਜਮੇਰ ਵੰਦੇ ਭਾਰਤ ਚੱਲਣ ਕਾਰਨ 13 ਘੰਟੇ 26 ਮਿੰਟ ਦਾ ਸਫ਼ਰ ਘੱਟ ਹੋ ਕੇ ਸਿਰਫ਼ 8 ਘੰਟੇ 45 ਮਿੰਟ ਦਾ ਰਹਿ ਜਾਵੇਗਾ। ਅਜਮੇਰ ਅਤੇ ਚੰਡੀਗੜ੍ਹ ਦੇ ਲੋਕ ਘੱਟ ਸਮੇਂ ਵਿਚ ਅਪਣੀ ਮੰਜ਼ਲ ਉਤੇ ਪਹੁੰਚ ਸਕਦੇ ਹਨ। ਉਧਰ ਜੇਕਰ ਜੈਪੁਰ ਤੋਂ ਚੰਡੀਗੜ੍ਹ ਯਾਤਰਾ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਲਈ 11 ਘੰਟੇ ਲੱਗਦੇ ਸਨ ਪਰ ਵੰਦੇ ਭਾਰਤ ਟਰੇਨ ਨਾਲ ਸਫ਼ਤ ਘੱਟ ਕੇ 7 ਘੰਟੇ ਦਾ ਹੋ ਗਿਆ ਹੈ।
ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਦਾ ਰੂਟ
ਅਜਮੇਰ-ਦਿੱਲੀ ਵੰਦੇ ਭਾਰਤ ਟਰੇਨ ਪਹਿਲਾਂ ਅਜਮੇਰ ਤੋਂ ਰਵਾਨਾ ਹੋ ਕੇ ਜੈਪੁਰ, ਗਾਂਧੀਨਗਰ, ਅਲਵਰ, ਰੇਵਾੜੀ, ਗੁਰੂਗ੍ਰਾਮ ਤੋਂ ਹੋ ਕੇ ਦਿੱਲੀ ਪਹੁੰਚਦੀ ਸੀ ਪਰ ਹੁਣ ਚੰਡੀਗੜ੍ਹ ਤਕ ਵਿਸਥਾਰ ਤੋਂ ਬਾਅਦ ਇਹ ਟਰੇਨ ਜੈਪੁਰ, ਗਾਂਧੀਨਗਰ, ਅਲਵਰ, ਰੇਵਾੜੀ, ਗੁਰੂਗ੍ਰਾਮ, ਦਿੱਲੀ ਕੈਂਟ ਤੋਂ ਹੁੰਦਿਆਂ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ ਤੋਂ ਵੰਦੇ ਭਾਰਤ ਦੁਪਹਿਰ 3.15 ਵਜੇ ਰਵਾਨਾ ਹੋਵੇਗੀ ਅਤੇ ਰਾਤ 11.36 ਵਜੇ ਅਜਮੇਰ ਪਹੁੰਚੇਗੀ। ਵਾਪਸੀ ਦੌਰਾਨ ਅਜਮੇਰ ਤੋਂ ਟਰੇਨ ਸਵੇਰੇ 6.20 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3.45 ਵਜੇ ਚੰਡੀਗੜ੍ਹ ਪਹੁੰਚੇਗੀ।
(For more Punjabi news apart from Ajmer-Delhi Vande Bharat to be extended till Chandigarh News, stay tuned to Rozana Spokesman)