
ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਨੂੰ ਵੀ ਕੀਤੀ ਤਾੜਨਾ
Chandigarh News: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਚੰਡੀਗੜ੍ਹ ਨਗਰ ਨਿਗਮ ਹਾਊਸ 'ਚ 20 ਹਜ਼ਾਰ ਲੀਟਰ ਮੁਫਤ ਪਾਣੀ ਦੇਣ ਦੇ ਮੁੱਦੇ 'ਤੇ ਕਾਫੀ ਨਾਰਾਜ਼ ਨਜ਼ਰ ਆਏ।
ਪੰਜਾਬ ਰਾਜ ਭਵਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। ਪ੍ਰਸ਼ਾਸਕ ਨੇ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਇਕ ਪਾਰਟੀ ਨੇ 20 ਹਜ਼ਾਰ ਲੀਟਰ ਪਾਣੀ ਮੁਫ਼ਤ ਅਤੇ ਦੂਜੀ ਨੇ 40 ਹਜ਼ਾਰ ਲੀਟਰ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਜਨਤਾ ਨੂੰ ਇਸ ਤਰ੍ਹਾਂ ਮੂਰਖ ਨਹੀਂ ਬਣਾਇਆ ਜਾਣਾ ਚਾਹੀਦਾ।
ਪ੍ਰਸ਼ਾਸਕ ਨੇ ਸੱਭ ਤੋਂ ਪਹਿਲਾਂ ਸ਼ੰਖ ਦੀ ਕਹਾਣੀ ਰਾਹੀਂ ਗਠਜੋੜ ਅਤੇ ਭਾਜਪਾ 'ਤੇ ਚੁਟਕੀ ਲਈ। ਉਨ੍ਹਾਂ ਨੇ ਕਿਹਾ ਕਿ ਇਕ ਸ਼ੰਖ ਸੀ, ਜਦੋਂ ਕਿਸੇ ਨੇ ਉਸ ਤੋਂ ਖਾਣਾ ਮੰਗਿਆ ਤਾਂ ਉਸ ਨੇ ਕਿਹਾ, ਥੋੜ੍ਹੀ ਦੇਰ ਰੁਕੋ, ਇਕ ਪਲੇਟ ਆ ਰਹੀ ਹੈ, ਜਿਸ ਵਿਚ ਚੌਲ, ਦਾਲ, ਤਿੰਨ ਸਬਜ਼ੀਆਂ ਅਤੇ ਰਾਇਤਾ ਹੈ। ਜਦੋਂ ਉਸ ਵਿਅਕਤੀ ਨੇ ਢਪੋਰ ਸ਼ੰਖ ਤੋਂ ਭੋਜਨ ਮੰਗਿਆ ਤਾਂ ਉਹ ਦੋ ਕਦਮ ਅੱਗੇ ਚਲਾ ਗਿਆ। ਉਸ ਨੇ ਕਿਹਾ ਕਿ ਥਾਲੀ ਆ ਰਹੀ ਹੈ, ਜਿਸ ਵਿਚ ਮਾਲਪੂਆ, ਬਿਰਯਾਨੀ, ਗੁਲਾਬ ਜਾਮੁਨ ਆਦਿ ਸੱਭ ਕੁੱਝ ਹੋਵੇਗਾ। ਪ੍ਰਸ਼ਾਸਨ ਦਾ ਕਹਿਣਾ ਸੀ ਕਿ ਕਿਸੇ ਕੋਲ ਕਿਸੇ ਨੂੰ ਦੇਣ ਲਈ ਕੁੱਝ ਨਹੀਂ ਸੀ, ਉਹ ਸਿਰਫ਼ ਸ਼ੇਖੀ ਮਾਰ ਰਹੇ ਸਨ। ਅਜਿਹਾ ਹੀ ਕੁੱਝ ਸੋਮਵਾਰ ਨੂੰ ਨਗਰ ਨਿਗਮ 'ਚ ਹੋਇਆ।
ਆਪ-ਕਾਂਗਰਸ ਨੇ ਕਿਹਾ ਕਿ ਉਹ 20 ਹਜ਼ਾਰ ਲੀਟਰ ਪਾਣੀ ਮੁਫਤ ਦੇਣਗੇ, ਜਦਕਿ ਭਾਜਪਾ ਨੇ ਕਿਹਾ ਕਿ ਉਹ 40 ਹਜ਼ਾਰ ਲੀਟਰ ਪਾਣੀ ਮੁਫਤ ਦੇਵੇਗੀ। ਇਕ ਨੇ ਸ਼ੰਖ ਵਜਾਇਆ ਅਤੇ ਦੂਜੇ ਨੇ ਢਪੋਰ ਸ਼ੰਖ ਵਜਾਇਆ। ਪ੍ਰਸ਼ਾਸਕ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਪਾਰਟੀਆਂ ਨੂੰ ਜਨਤਾ ਨਾਲ ਉਹ ਵਾਅਦੇ ਕਰਨੇ ਚਾਹੀਦੇ ਹਨ ਜੋ ਪੂਰੇ ਕੀਤੇ ਜਾ ਸਕਦੇ ਹਨ। ਜਦੋਂ ਚੰਡੀਗੜ੍ਹ ਨੇ 24 ਘੰਟੇ ਪਾਣੀ ਦੇ ਪ੍ਰਾਜੈਕਟ ਲਈ 15 ਸਾਲਾਂ ਦਾ ਸਮਝੌਤਾ ਕੀਤਾ ਹੈ ਤਾਂ ਮੁਫਤ ਪਾਣੀ ਕਿਵੇਂ ਦਿਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਮੂਰਖ ਕਿਉਂ ਬਣਾਇਆ ਜਾਵੇ? ਪ੍ਰਸ਼ਾਸਕ ਹੋਣ ਦੇ ਨਾਤੇ ਉਹ ਇਸ ਨੂੰ ਲਾਗੂ ਨਹੀਂ ਹੋਣ ਦੇਣਗੇ।
(For more Punjabi news apart from Free water not possible, says Chandigarh administrator News, stay tuned to Rozana Spokesman)