ਰਿਟਾਇਰਮੈਂਟ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਮਿਲਿਆ ਟਰਾਂਸਪੋਰਟ ਵਿਭਾਗ
ਚੰਡੀਗੜ੍ਹ : ਸੀਨੀਅਰ ਆਈ.ਏ.ਐਸ. ਅਧਿਕਾਰੀ ਅਸ਼ੋਕ ਖੇਮਕਾ ਨੂੰ ਅਪਣੀ ਸੇਵਾਮੁਕਤੀ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਕਈ ਸਾਲਾਂ ਬਾਅਦ ਇਕ ਮਹੱਤਵਪੂਰਨ ਵਿਭਾਗ ’ਚ ਤਾਇਨਾਤ ਕੀਤਾ ਗਿਆ ਹੈ।
ਖੇਮਕਾ ਅਪਣੇ 33 ਸਾਲ ਦੇ ਕੈਰੀਅਰ ਅਤੇ 57 ਪੋਸਟਿੰਗਾਂ ਦੌਰਾਨ ਅਪਣੇ ਇਮਾਨਦਾਰ ਅਕਸ ਲਈ ਜਾਣੇ ਜਾਂਦੇ ਹਨ। 1991 ਬੈਚ ਦੇ ਅਧਿਕਾਰੀ ਖੇਮਕਾ, ਜੋ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਨ, ਦੀ ਐਤਵਾਰ ਨੂੰ ਬਦਲੀ ਕਰ ਦਿਤੀ ਗਈ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ।
ਖੇਮਕਾ 30 ਅਪ੍ਰੈਲ 2025 ਨੂੰ ਸੇਵਾਮੁਕਤ ਹੋਣਗੇ। ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਟਰਾਂਸਪੋਰਟ ਕਮਿਸ਼ਨਰ ਦੇ ਅਹੁਦੇ ਤੋਂ ਬਦਲੇ ਜਾਣ ਦੇ ਲਗਭਗ 10 ਸਾਲ ਬਾਅਦ, ਉਹ ਟਰਾਂਸਪੋਰਟ ਵਿਭਾਗ ’ਚ ਵਾਪਸ ਆ ਗਏ ਹਨ, ਜਿਸ ਨੂੰ ਇਸ ਸਮੇਂ ਮੰਤਰੀ ਅਨਿਲ ਵਿਜ ਸੰਭਾਲ ਰਹੇ ਹਨ। ਉਸ ਸਮੇਂ ਖੇਮਕਾ ਨੇ ਟਰਾਂਸਪੋਰਟ ਵਿਭਾਗ ’ਚ ਸਿਰਫ ਚਾਰ ਮਹੀਨੇ ਕੰਮ ਕੀਤਾ ਸੀ।
ਉਸ ਸਮੇਂ ਦੇ ਟਰਾਂਸਪੋਰਟ ਕਮਿਸ਼ਨਰ ਵਜੋਂ ਖੇਮਕਾ ਨੇ ਗੱਡੀਆਂ ਅਤੇ ਵੱਡੇ ਇਲੈਕਟ੍ਰਾਨਿਕ ਸਾਮਾਨ ਦੀ ਢੋਆ-ਢੁਆਈ ਲਈ ਵੱਡੇ ਆਕਾਰ ਦੇ ਟਰੱਕਾਂ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ ਸੀ, ਜਿਸ ਕਾਰਨ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਸੀ।
ਬਾਅਦ ਵਿਚ ਸੂਬਾ ਸਰਕਾਰ ਵਲੋਂ ਕੇਂਦਰੀ ਮੋਟਰ ਵਾਹਨ ਨਿਯਮ (ਸੀ.ਐੱਮ.ਵੀ.ਆਰ.), 1989 ਅਨੁਸਾਰ ਅਪਣੇ ਵਾਹਨ ਤਿਆਰ ਕਰਨ ਲਈ ਇਕ ਸਾਲ ਦਾ ਸਮਾਂ ਦਿਤੇ ਜਾਣ ਤੋਂ ਬਾਅਦ ਟਰੱਕ ਡਰਾਈਵਰਾਂ ਨੇ ਅਪਣੀ ਹੜਤਾਲ ਵਾਪਸ ਲੈ ਲਈ।
ਬਾਅਦ ’ਚ ਖੇਮਕਾ ਨੂੰ ਸੂਬਾ ਸਰਕਾਰ ਵਲੋਂ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ’ਚ ਤਬਦੀਲ ਕਰ ਦਿਤਾ ਗਿਆ ਸੀ। ਖੇਮਕਾ ਨੇ 10 ਸਾਲ ਪਹਿਲਾਂ ਟਵਿੱਟਰ ’ਤੇ ਕਿਹਾ ਸੀ, ‘‘ਗੰਭੀਰ ਸੀਮਾਵਾਂ ਅਤੇ ਨਿੱਜੀ ਹਿੱਤਾਂ ਦੇ ਬਾਵਜੂਦ, ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਅਤੇ ਆਵਾਜਾਈ ’ਚ ਸੁਧਾਰ ਲਿਆਉਣ ਲਈ ਸਖਤ ਮਿਹਨਤ ਕੀਤੀ। ਇਹ ਪਲ ਸੱਚਮੁੱਚ ਦਰਦਨਾਕ ਹੈ।’’
ਹਰਿਆਣਾ ਕਾਡਰ ਦੇ ਆਈ.ਏ.ਐਸ. ਅਧਿਕਾਰੀ 2012 ’ਚ ਕੌਮੀ ਸੁਰਖੀਆਂ ’ਚ ਆਏ ਸਨ ਜਦੋਂ ਉਨ੍ਹਾਂ ਨੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨਾਲ ਜੁੜੇ ਗੁਰੂਗ੍ਰਾਮ ਜ਼ਮੀਨ ਸੌਦੇ ਨੂੰ ਦਾਖ਼ਲ ਖ਼ਾਰਜ ਰੱਦ ਕਰ ਦਿਤਾ ਸੀ। ‘ਦਾਖ਼ਲ ਖ਼ਾਰਜ’ ਪਲਾਟ ਦੀ ਮਲਕੀਅਤ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਦਾ ਇਕ ਹਿੱਸਾ ਹੈ।