
ਬਚਪਨ ਵਿਚ ਹੀ ਜੋਤੀ ਦੇ ਮਾਪਿਆਂ ਦੀ ਹੋ ਗਈ ਸੀ ਮੌਤ
Haryana News: ਹਰਿਆਣਾ ਦੇ ਮਹਿੰਦਰਗੜ੍ਹ 'ਚ ਇਕ ਵਿਅਕਤੀ ਨੇ ਅਪਣੀ ਸਾਲੀ ਦਾ ਧੀ ਵਾਂਗ ਵਿਆਹ ਕੀਤਾ ਹੈ। ਇਲਾਕੇ ਵਿਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਾੜੀ ਨੂੰ ਘੋੜੀ ਉਤੇ ਬਿਠਾਉਣ ਦੀ ਰਸਮ ਦੌਰਾਨ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਅਤੇ ਪਰਵਾਰਕ ਮੈਂਬਰਾਂ ਨੇ ਰੱਜ ਕੇ ਜਸ਼ਨ ਮਨਾਇਆ।
ਦਰਅਸਲ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਿਜਲੀ ਨਿਗਮ 'ਚ ਤਾਇਨਾਤ ਮੁਲਾਜ਼ਮ ਨੇ ਅਪਣੀ ਸਾਲੀ ਨੂੰ ਗ੍ਰੈਜੂਏਸ਼ਨ ਤਕ ਪੜ੍ਹਾਇਆ। ਇਸ ਤੋਂ ਬਾਅਦ ਉਸ ਦੇ ਵਿਆਹ ਦੀਆਂ ਰਸਮਾਂ ਵੀ ਧੂਮ-ਧਾਮ ਨਾਲ ਕਰਵਾਈਆਂ ਗਈਆਂ। ਖੋਜਾਵਾੜਾ ਮੁਹੱਲੇ ਵਿਚ ਰਹਿਣ ਵਾਲਾ ਅਨਿਲ ਕੁਮਾਰ ਬਿਜਲੀ ਨਿਗਮ ਵਿਚ ਫੋਰਮੈਨ ਹੈ। ਉਸ ਦੀ ਸਾਲੀ ਜੋਤੀ ਦਾ ਅੱਜ ਵਿਆਹ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਜੋਤੀ ਉਨ੍ਹਾਂ ਦੇ ਨਾਲ ਹੀ ਰਹੀ ਹੈ। ਪਿਤਾ ਦੇ ਫਰਜ਼ ਨੂੰ ਪੂਰਾ ਕਰਦੇ ਹੋਏ, ਉਸ ਨੇ ਜੋਤੀ ਦਾ ਪਾਲਣ ਪੋਸ਼ਣ ਕੀਤਾ। ਇਸ ਤੋਂ ਉਸ ਲਈ ਚੰਗਾ ਰਿਸ਼ਤਾ ਲੱਭ ਕੇ ਵਿਆਹ ਕਰਵਾਇਆ।
ਫੋਰਮੈਨ ਅਨਿਲ ਕੁਮਾਰ ਨੇ ਦਸਿਆ ਕਿ ਉਸ ਦਾ ਵਿਆਹ 2002 ਵਿਚ ਕਨੀਨਾ ਵਾਸੀ ਲਾਲਚੰਦ ਦੀ ਪੁੱਤਰੀ ਏਕਤਾ ਨਾਲ ਹੋਇਆ ਸੀ। ਉਸੇ ਸਾਲ ਪਤਨੀ ਏਕਤਾ ਦੇ ਭਰਾ ਰਵੀ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਹੁਰੇ ਲਾਲਚੰਦ ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਕੁੱਝ ਦਿਨਾਂ ਬਾਅਦ ਉਸ ਦੀ ਸੱਸ ਬਿਮਲਾ ਦੇਵੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਸਮੇਂ ਜੋਤੀ ਤਿੰਨ-ਚਾਰ ਸਾਲ ਦੀ ਸੀ।
ਪਰਵਾਰਕ ਮੈਂਬਰਾਂ ਦੀ ਮੌਤ ਤੋਂ ਬਾਅਦ ਜੋਤੀ ਘਰ 'ਚ ਇਕੱਲੀ ਰਹਿ ਗਈ ਸੀ। ਪਤਨੀ ਏਕਤਾ ਜੋਤੀ ਨੂੰ ਅਪਣੇ ਨਾਲ ਘਰ ਲੈ ਆਈ। ਅਨਿਲ ਨੇ ਦਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਦੋ ਪੁੱਤਰ ਹਨ। ਫਿਲਹਾਲ ਦੋਵੇਂ ਪੜ੍ਹ ਰਹੇ ਹਨ। ਉਸ ਨੇ ਜੋਤੀ ਨੂੰ ਕਦੇ ਵੀ ਮਾਤਾ-ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।