19 ਦਸੰਬਰ ਨੂੰ ਭਾਨਾ ਤੇ ਰਜਿੰਦਰ ਦੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ
ਕੈਥਲ : ਥਾਣਾ ਪੁੰਡਰੀ ਖੇਤਰ ਦੇ ਪਿੰਡ ਪਾਈ ਅਤੇ ਜਟੇੜੀ ਰੋਡ ਉੱਤੇ ਜ਼ਮੀਨੀ ਵਿਵਾਦ ਦੀ ਪੁਰਾਣੀ ਰੰਜਿਸ਼ ਕਾਰਨ ਹੋਏ ਦੋਹਰੇ ਕਤਲ ਕਾਂਡ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸ.ਪੀ. ਉਪਾਸਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜਿੰਦਰ ਉਰਫ਼ ਤੇਜੀ ਨਿਵਾਸੀ ਪਿੰਡ ਪਾਈ ਦੀ ਸ਼ਿਕਾਇਤ ਅਨੁਸਾਰ ਉਸ ਦੇ ਪਰਿਵਾਰ ਅਤੇ ਪਿੰਡ ਦੇ ਹੀ ਚੇਲਾ ਰਾਮ ਦੇ ਪਰਿਵਾਰ ਵਿਚਕਾਰ ਪਿਛਲੇ ਲਗਭਗ 14-15 ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ । ਇਸੇ ਵਿਵਾਦ ਕਾਰਨ ਸਾਲ 2012 ਵਿੱਚ ਹੋਏ ਝਗੜੇ ਵਿੱਚ ਚੇਲਾ ਰਾਮ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਸੀ, ਉਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਸਜ਼ਾ ਹੋਈ ਸੀ ਅਤੇ ਸਾਲ 2018 ਵਿੱਚ ਉਹ ਸਾਰ ਹਾਈਕੋਰਟ ਤੋਂ ਜ਼ਮਾਨਤ ਉੱਤੇ ਰਿਹਾ ਹੋਏ ਸਨ ।
ਲੰਘੀ 19 ਦਸੰਬਰ ਨੂੰ ਜਦੋਂ ਭਾਨਾ ਨਾਮੀ ਵਿਅਕਤੀ ਪਿੰਡ ਵਿੱਚ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਉੱਤੇ ਸਵਾਰ ਚਾਰ ਨੌਜਵਾਨ ਹਥਿਆਰ ਲਹਿਰਾਉਂਦੇ ਹੋਏ ਆਏ ਅਤੇ ਭਾਨਾ ਉੱਤੇ ਤੇਜ਼ੀ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਕੇ ਡਿੱਗ ਪਿਆ ਅਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਨੇ ਮੌਕੇ ਉੱਤੇ ਧਮਕੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੇ ਇੱਕ ਹੋਰ ਮੈਂਬਰ ਰਾਜਿੰਦਰ ਪੁੱਤਰ ਓਮ ਪ੍ਰਕਾਸ਼ ਨੂੰ ਵੀ ਗੋਲੀ ਮਾਰ ਦਿੱਤੀ ਹੈ ਅਤੇ ਉਸ ਦੀ ਲਾਸ਼ ਜਟੇੜੀ ਰੋਡ ਦੇ ਖੇਤਾਂ ਵਿੱਚ ਪਈ ਹੈ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ਉੱਤੇ ਜਾ ਕੇ ਵੇਖਣ ਉੱਤੇ ਰਾਜਿੰਦਰ ਦੀ ਸਕੂਟੀ ਸੜਕ ਉੱਤੇ ਖੜ੍ਹੀ ਮਿਲੀ ਅਤੇ ਕੁਝ ਦੂਰੀ ਉੱਤੇ ਖੇਤਾਂ ਵਿੱਚ ਉਸ ਦੀ ਗੋਲੀ ਲੱਗੀ ਲਾਸ਼ ਬਰਾਮਦ ਹੋਈ। ਜਿਸ ਬਾਰੇ ਥਾਣਾ ਪੁੰਡਰੀ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ । ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜ਼ਿਲ੍ਹੇ ਦੀਆਂ ਸਾਰੀਆਂ ਕ੍ਰਾਈਮ ਯੂਨਿਟਾਂ, ਸਪੈਸ਼ਲ ਡਿਟੈਕਟਿਵ ਯੂਨਿਟ, ਸੀ.ਆਈ.-1, ਐਂਟੀ ਵਹੀਕਲ ਥੈਫਟ ਸਟਾਫ ਸਮੇਤ ਥਾਣਾ ਪੁੰਡਰੀ ਪੁਲਿਸ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਹੁਕਮ ਦਿੱਤੇ ਗਏ ਸਨ। ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਗਏ। ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਅਤੇ ਪੁਲਿਸ ਦਬਾਅ ਕਾਰਨ ਦੋ ਮੁਲਜ਼ਮਾਂ ਪਾਈ ਨਿਵਾਸੀ ਰਾਹੁਲ (26 ਸਾਲ) ਅਤੇ ਵਿਜੈ (22 ਸਾਲ) ਵੱਲੋਂ ਸ਼ਨੀਵਾਰ ਨੂੰ ਥਾਣਾ ਪੁੰਡਰੀ ਵਿੱਚ ਆਤਮ ਸਮਰਪਣ ਕੀਤਾ ਗਿਆ। ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਅਧੀਨ ਐਸ.ਡੀ.ਯੂ. ਦੇ ਐਸ.ਆਈ. ਵਿਰੇਂਦਰ ਦੀ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਹੁਲ ਅਤੇ ਵਿਜੈ ਦੇ ਪਿਤਾ ਦੀ ਜ਼ਮੀਨੀ ਵਿਵਾਦ ਕਾਰਨ ਸਾਲ 2012 ਵਿੱਚ ਉਕਤ ਪੱਖ ਵੱਲੋਂ ਹੱਤਿਆ ਕੀਤੀ ਗਈ ਸੀ। ਜਿਸ ਦਾ ਬਦਲਾ ਲੈਣ ਲਈ ਮੁਲਜ਼ਮਾਂ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਰਾਹੁਲ ਉੱਤੇ ਪਹਿਲਾਂ ਵੀ ਕਤਲ ਅਤੇ ਗੋਲੀ ਚਲਾਉਣ ਦੇ 2 ਮਾਮਲੇ ਦਰਜ ਹਨ। ਮੁਲਜ਼ਮ ਵਿਜੈ ਉੱਤੇ ਗੋਲੀ ਚਲਾਉਣ ਅਤੇ ਚੋਰੀ ਦੀ ਕੋਸ਼ਿਸ਼ ਦੇ ਦੋ ਮਾਮਲੇ ਦਰਜ ਹਨ। ਮੁਲਜ਼ਮਾਂ ਦੇ ਕਬਜ਼ੇ ਤੋਂ ਵਾਰਦਾਤ ਵਿੱਚ ਵਰਤੇ 2 ਗੈਰਕਾਨੂੰਨੀ ਦੇਸੀ ਕੱਟੇ ਬਰਾਮਦ ਕੀਤੇ ਗਏ ਹਨ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਸ਼ਾਮਲ ਮੁਲਜ਼ਮਾਂ ਦੀ ਭਾਲ ਜਾਰੀ ਹੈ।
