
ਕਿਹਾ, ਰਵਿਦਾਸ ਜੀ ਅੰਨ੍ਹੇ ਵਿਸ਼ਵਾਸ ਦੇ ਕੱਟੜ ਵਿਰੋਧੀ ਸਨ, ਅੱਜ ਨੌਜੁਆਨ ਪੀੜ੍ਹੀ ਨੂੰ ਗੁਰੂ ਰਵਿਦਾਸ ਜੀ ਵਰਗੇ ਸੰਤਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ
ਭਿਵਾਨੀ (ਹਰਿਆਣਾ): ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਨਿਚਰਵਾਰ ਨੂੰ ਕਿਹਾ ਕਿ ‘ਕੁਰੂਕਸ਼ੇਤਰ ’ਚ ਪੰਜ ਏਕੜ ਜ਼ਮੀਨ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਸੰਤ ਗੁਰੂ ਰਵਿਦਾਸ ਜੀ ਦੀ ਵਿਸ਼ਾਲ ਯਾਦਗਾਰ ਬਣਾਈ ਜਾਵੇਗੀ ਜੋ ਨੌਜੁਆਨ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।’ ਬਵਾਨੀਖੇੜਾ ਕਸਬੇ ਵਿਚ ‘ਗੁਰੂ ਰਵਿਦਾਸ ਮੰਦਰ’ ਦੇ ਵਿਹੜੇ ਵਿਚ ਰਵਿਦਾਸ ਜਯੰਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਚੌਟਾਲਾ ਨੇ ਕਿਹਾ, ‘‘500 ਸਾਲ ਪਹਿਲਾਂ ਸੰਤ ਗੁਰੂ ਰਵਿਦਾਸ ਜੀ ਨੇ ਸਮਾਜ ਵਿਚੋਂ ਵਿਤਕਰਾ ਖਤਮ ਕਰਨ ਦਾ ਸੰਦੇਸ਼ ਦਿਤਾ ਸੀ ਅਤੇ ਸਮਾਜ ਨੂੰ ਇਕਸਾਰਤਾ ਵਿਚ ਇਕਜੁੱਟ ਕਰਨ ਦਾ ਕੰਮ ਕੀਤਾ ਸੀ।’’
ਉਨ੍ਹਾਂ ਕਿਹਾ, ‘‘ਰਵਿਦਾਸ ਜੀ ਅੰਨ੍ਹੇ ਵਿਸ਼ਵਾਸ ਦੇ ਕੱਟੜ ਵਿਰੋਧੀ ਸਨ। ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਸੰਤਾਂ ਦੇ ਜੀਵਨ ਦਰਸ਼ਨ ਅਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਅੱਜ ਨੌਜੁਆਨ ਪੀੜ੍ਹੀ ਨੂੰ ਗੁਰੂ ਰਵਿਦਾਸ ਜੀ ਵਰਗੇ ਸੰਤਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਹੈ।’’
ਹਰਿਆਣਾ ਸਰਕਾਰ ਦੇ ਬਜਟ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਬਜਟ ਆਮ ਆਦਮੀ ਦੀ ਭਲਾਈ ਦਾ ਬਜਟ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਬਾਅਦ ਅਜਿਹਾ ਬਜਟ ਵੇਖਣ ਨੂੰ ਮਿਲਿਆ ਹੈ ਜਿਸ ’ਚ ਗਰੀਬਾਂ ਅਤੇ ਆਮ ਆਦਮੀ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਚੌਟਾਲਾ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਲੋੜਵੰਦ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ, ਜਿਸ ਕਾਰਨ ਆਨਲਾਈਨ ਮਾਧਿਅਮ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਜੇ.ਪੀ. ਦਲਾਲ ਨੇ ਬਜਟ ਨੂੰ ਕਿਸਾਨਾਂ ਅਤੇ ਔਰਤਾਂ ਲਈ ‘ਤੋਹਫ਼ਾ’ ਦਸਿਆ।
ਦਲਾਲ ਨੇ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਲਈ ਬਜਟ ’ਚ ਨਹਿਰਾਂ ਦੀ ਮਜ਼ਬੂਤੀ ਦੀ ਰਾਸ਼ੀ 30.9 ਫੀ ਸਦੀ ਵਧਾ ਕੇ 6,000 ਕਰੋੜ ਰੁਪਏ ਤੋਂ ਵੱਧ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰ ਕਿਸਾਨਾਂ ਲਈ ਵਿਆਜ ਦੀ ਰਕਮ ਵਜੋਂ 1700 ਕਰੋੜ ਰੁਪਏ ਮੁਆਫ ਕੀਤੇ ਗਏ ਹਨ ਅਤੇ ਹੁਣ ਕਿਸਾਨਾਂ ਨੂੰ ਸਿਰਫ ਕਰਜ਼ੇ ਦੀ ਮੂਲ ਰਕਮ ਜਮ੍ਹਾਂ ਕਰਵਾਉਣੀ ਪਵੇਗੀ। ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਵੈ-ਸਹਾਇਤਾ ਸਮੂਹਾਂ ਦੀਆਂ 5,000 ਔਰਤਾਂ ਨੂੰ ਡਰੋਨ ਦੀਦੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਉਨ੍ਹਾਂ ਨੂੰ ਸਿਖਲਾਈ ਦਿਤੀ ਜਾਵੇਗੀ।