
ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਸਪੁੱਤਰ ਅੰਸ਼ੁਲ ਛੱਤਰਪਤੀ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਇਸਨੂੰ ਨਿਰਾਸ਼ਾਜਨਕ ਦਸਿਆ ਹੈ।
Haryana News: ਡੇਰਾ ਸਿਰਸਾ ਦੇ ਸਾਬਕਾ ਮਨੇਜਰ ਰਣਜੀਤ ਸਿੰਘ ਖਾਨਪੁਰ ਕੌਲੀਆਂ ਦੇ ਕਤਲ ਕੇਸ ਵਿਚ ਡੇਰਾ ਮੁਖੀ ਗੁਰਮੀਤ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਲੋ ਬਰੀ ਕਰਨ ਤੇ ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਸਪੁੱਤਰ ਅੰਸ਼ੁਲ ਛੱਤਰਪਤੀ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਇਸਨੂੰ ਨਿਰਾਸ਼ਾਜਨਕ ਦਸਿਆ ਹੈ।
ਅੰਸ਼ੁਲ ਨੇ ਕਿਹਾ ਕਿ ਰਣਜੀਤ ਸਿੰਘ ਦਾ ਪ੍ਰਵਾਰ ਸੁਪ੍ਰੀਮ ਕੋਰਟ ਵਿਚ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਇਸਤਗਾਸਾ ਏਜੰਸੀ ਸੀਬੀਆਈ ਨੂੰ ਵੀ ਅਪਣੇ ਤੌਰ ’ਤੇ ਇਸ ਫ਼ੈਸਲੇ ਨੂੰ ਚੁਨੌਤੀ ਦੇਣੀ ਚਾਹੀਦੀ ਹੈ। ਅੰਸ਼ੁਲ ਨੇ ਦਸਿਆ ਕਿ ਇਸ ਮਾਮਲੇ ਵਿਚ ਸੀਬੀਆਈ ਨੇ ਅਦਾਲਤ ਵਿਚ ਪੂਰੇ ਸਬੂਤ ਪੇਸ਼ ਕੀਤੇ ਅਤੇ ਪ੍ਰਵਾਰ ਨੇ ਅਦਾਲਤ ਵਿਚ ਅਪਣੀ ਤਰਫ਼ੋਂ ਕਾਨੂੰਨੀ ਲੜਾਈ ਲੜੀ ਤਾਂ ਜਾ ਕੇ ਦੋਸ਼ੀਆਂ ਨੂੰ 2021’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਅੰਸ਼ੁਲ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਮਾਮਲਾ ਗੁਰਮੀਤ ਸਿੰਘ ਵਿਰੁਧ ਚੱਲ ਰਹੇ ਹੋਰ ਕੇਸਾਂ ਨਾਲ ਵੀ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਮਰਹੂਮ ਰਣਜੀਤ ਸਿੰਘ ਦੇ ਸਪੁੱਤਰ ਜਗਸੀਰ ਸਿੰਘ ਖਾਨਪੁਰ ਕੌਲੀਆਂ ਨੇ ਕਿਹਾ ਉਹ ਹਿੰਮਤ ਨਹੀ ਹਾਰਨਗੇ। ਉਨ੍ਹਾਂ ਕਿਹਾ ਕਿ ਸਾਡਾ ਪ੍ਰਵਾਰ ਇਸ ਫ਼ੈਸਲੇ ਨੂੰ ਸੁਪ੍ਰੀਮ ਕੋਰਟ ਵਿਚ ਚੁਨੌਤੀ ਦੇਵੇਗਾ।