
ਇਸਲਾਮਾਬਾਦ, 21 ਜੁਲਾਈ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਭ੍ਰਿਸ਼ਟਾਚਾਰ ਮਾਮਲੇ ਵਿਚ ਸੁਣਵਾਈ ਪੂਰੀ ਕਰ ਲਈ ਹੈ ਪਰ ਅਪਣਾ ਫ਼ੈਸਲਾ ਸੁਰੱਖਿਅਤ ਰਖਿਆ ਜੋ ਕਿ ਨਵਾਜ਼ ਸ਼ਰੀਫ਼ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਪਾ ਸਕਦਾ ਹੈ।
ਇਸਲਾਮਾਬਾਦ, 21 ਜੁਲਾਈ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਭ੍ਰਿਸ਼ਟਾਚਾਰ ਮਾਮਲੇ ਵਿਚ ਸੁਣਵਾਈ ਪੂਰੀ ਕਰ ਲਈ ਹੈ ਪਰ ਅਪਣਾ ਫ਼ੈਸਲਾ ਸੁਰੱਖਿਅਤ ਰਖਿਆ ਜੋ ਕਿ ਨਵਾਜ਼ ਸ਼ਰੀਫ਼ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਪਾ ਸਕਦਾ ਹੈ।
ਜਸਟਿਸ ਏਜਾਜ਼ ਅਫ਼ਜ਼ਲ ਦੀ ਪ੍ਰਧਾਨਗੀ ਵਿਚ 3 ਜੱਜਾਂ ਦੀ ਬੈਂਚ ਨੇ ਅਪਣਾ ਫ਼ੈਸਲਾ ਸੁਣਾਉਂਦੇ ਹੋਏ ਤੁਰਤ ਤਰੀਕ ਮੁਕਰਰ ਨਹੀਂ ਕੀਤੀ। ਬੈਂਚ ਵਿਚ ਜੱਜ ਸ਼ੇਖ ਅਜਮਤ ਸਈਅਦ ਅਤੇ ਜੱਜ ਏਜਾਜ਼ੁਲ ਅਹਿਸਨ ਸ਼ਾਮਲ ਹੋਏ। ਜਸਟਿਸ ਸਈਅਦ ਨੇ ਕਿਹਾ ਕਿ ਅਦਾਲਤ ਅਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਸੀ ਕਾਨੂੰਨ ਤੋਂ ਘਬਰਾਏਗੀ ਨਹੀਂ। ਸੁਪਰੀਮ ਕੋਰਟ ਨੇ 10 ਖੰਡਾਂ ਵਾਲੀ ਰੀਪੋਰਟ ਦਾ ਆਖ਼ਰੀ ਹਿੱਸਾ ਵੀ ਖੋਲ੍ਹਿਆ ਜਿਸ ਨੂੰ ਸੰਯੁਕਤ ਜਾਂਚ ਦਲ (ਜੇ. ਆਈ. ਟੀ.) ਨੇ ਦਾਖ਼ਲ ਕੀਤੀ ਸੀ।
ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਵਾਰ 'ਤੇ ਲੱਗੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਜੇ. ਆਈ. ਟੀ. ਗਠਤ ਕੀਤੀ ਸੀ। ਜੇ. ਆਈ. ਟੀ. ਨੇ ਕਿਹਾ ਸੀ ਕਿ ਰੀਪੋਰਟ ਦਾ 10ਵਾਂ ਖੰਡ ਗੁਪਤ ਰਖਿਆ ਜਾਵੇ ਕਿਉਂਕਿ ਇਸ ਵਿਚ ਦੂਜੇ ਦੇਸ਼ਾਂ ਨਾਲ ਸਬੰਧ ਪੱਤਰ ਵਿਹਾਰ ਦਾ ਬਿਊਰਾ ਹੈ। ਸ਼ਰੀਫ਼ ਦੇ ਵਕੀਲਾਂ ਦੀ ਟੀਮ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਸੀ। ਅਦਾਲਤ ਨੇ ਅਧਿਕਾਰੀਆਂ ਨੂੰ ਹੁਕਮ ਦਿਤਾ ਕਿ ਖੰਡ ਦੀ ਇਕ ਕਾਪੀ ਸ਼ਰੀਫ਼ ਦੇ ਵਕੀਲ ਖਵਾਜਾ ਹਾਰਿਸ ਨੂੰ ਸੌਂਪੀ ਜਾਵੇ।
ਬਚਾਅ ਪੱਖ ਦੀਆਂ ਦਲੀਲਾਂ ਦਾ ਜਵਾਬ ਦੇਣ ਦੇ ਅਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪਟੀਸ਼ਨ ਕਰਤਾਵਾਂ ਨੇ ਅਪਣੀ ਸੰਖੇਪ ਟਿਪਣੀ ਵਿਚ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜਾਇਦਾਦ ਲੁਕਾਉਣ ਅਤੇ ਅਪਣੇ ਬੱਚਿਆਂ ਦੇ ਕਾਰੋਬਾਰ ਸਥਾਪਤ ਕਰਨ ਵਿਚ ਇਸਤੇਮਾਲ ਹੋਏ ਆਮਦਨ ਦੇ ਸਰੋਤ ਉਜਾਗਰ ਨਾ ਕਰਨ 'ਤੇ ਸ਼ਰੀਫ਼ ਨੂੰ ਅਯੋਗ ਕਰਾਰ ਦਿਤਾ ਜਾਵੇ।
ਨਵਾਜ਼ ਸ਼ਰੀਫ਼ ਵਿਰੁਧ ਪਟੀਸ਼ਨਕਰਤਾਵਾਂ ਵਿਚ ਸ਼ਾਮਲ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਦੇ ਵਕੀਲ ਨੇ ਦਲੀਲ ਦਿਤੀ, ''ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਤਸੱਲੀਬਖ਼ਸ਼ ਜਵਾਬ ਦੇਣ ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਕਾਮ ਰਹੇ ਹਨ ਅਤੇ ਉਨ੍ਹਾਂ ਨੂੰ ਅਯੋਗ ਕਰਾਰ ਦੇਣਾ ਚਾਹੀਦਾ ਹੈ। (ਪੀ.ਟੀ.ਆਈ)