
ਕਾਬੁਲ, 24 ਫ਼ਰਵਰੀ : ਅਫ਼ਗ਼ਾਨਿਸਤਾਨ 'ਚ ਵੱਖ-ਵੱਖ ਹਮਲਿਆਂ 'ਚ ਸਨਿਚਰਵਾਰ ਨੂੰ 23 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਸੱਭ ਵੱਡਾ ਹਮਲਾ ਪਛਮੀ ਸੂਬੇ ਫਰਾਹ ਸਥਿਤ ਫ਼ੌਜੀ ਕੈਂਪ 'ਤੇ ਹੋਇਆ। ਤਾਲਿਬਾਨੀ ਅਤਿਵਾਦੀਆਂ ਦੇ ਹਮਲੇ 'ਚ 18 ਫ਼ੌਜੀਆਂ ਦੀ ਮੌਤ ਹੋ ਗਈ।ਰਖਿਆ ਮੰਤਰਾਲਾ ਦੇ ਬੁਲਾਰੇ ਦੌਲਤ ਵਜ਼ੀਰ ਨੇ ਕਿਹਾ, ''ਫਰਾਹ ਦੇ ਬਾਲਾ ਬੁਲੁਕ ਜ਼ਿਲ੍ਹੇ 'ਚ ਸਥਿਤ ਫ਼ੌਜੀ ਕੈਂਪ 'ਤੇ ਵੱਡਾ ਅਤਿਵਾਦੀ ਹਮਲਾ ਹੋਇਆ। ਇਸ 'ਚ 18 ਫ਼ੌਜੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।'' ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਉਧਰ ਸੂਬੇ ਦੇ ਡਿਪਟੀ ਗਵਰਨਰ ਯੁਨੂਸ ਰਸੂਲੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਟੀਮ ਭੇਜੀ ਹੈ। ਕਾਬੁਲ ਦੇ ਡਿਪਲੋਮੈਟਿਕ ਇਲਾਕੇ ਦੇ ਨਜ਼ਦੀਕ ਆਤਮਘਾਤੀ ਹਮਲਾ ਹੋਇਆ। ਇਸ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਅੰਦੂਰੀ ਮਾਮਲਿਆਂ ਦੇ ਉਪ ਮੰਤਰੀ ਨਸਰਤ ਰਾਹਿਮੀ ਨੇ ਕਿਹਾ, ''ਲਗਭਗ ਸਵੇਰੇ 8:30 ਵਜੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ।''ਅਧਿਕਾਰੀਆਂ ਮੁਤਾਬਕ ਦੋ ਹੋਰ ਹਮਲੇ ਦਖਣੀ ਹੇਲਮੰਡ ਸੂਬੇ 'ਚ ਹੋਏ, ਜਿਸ ਵਿਚ ਦੋ ਫ਼ੌਜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। (ਪੀਟੀਆਈ)