
ਵਾਸ਼ਿੰਗਟਨ - ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਖ਼ਾਲਸਾ ਸਕੂਲ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਆਖ਼ਿਰ ਬੂਰ ਪੈ ਹੀ ਗਿਆ।ਖ਼ਾਲਸਾ ਗੁਰਮਤਿ ਸਕੂਲ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦੀਆਂ ਸਾਰੀਆਂ ਅੜਚਣਾਂ 'ਤੇ ਫ਼ਤਿਹ ਪਾਉਂਦਿਆਂ 18 ਨਵੰਬਰ 2017 ਨੂੰ ਰਜਿਸਟਰੀ ਕਰਾ ਲਈ ਗਈ ਹੈ।ਇੱਕ ਸਾਲ ਪਹਿਲਾਂ ਜ਼ਮੀਨ ਦਾ ਬਿਆਨਾ ਕੀਤਾ ਗਿਆ ਸੀ ਪਰ ਜ਼ਮੀਨ ਵੇਚਣ ਵਾਲੀ ਧਿਰ ਨੂੰ ਜਦੋਂ ਉੱਥੇ ਬਣਨ ਵਾਲੇ ਪ੍ਰੋਜੈਕਟ ਦਾ ਪਤਾ ਲੱਗਾ ਤਾਂ ਉਸ ਨੇ ਮੁੱਕਰਨ ਦਾ ਮਨ ਬਣਾ ਲਿਆ ਅਤੇ ਬਹਾਨਾ ਇਹ ਬਣਾਇਆ ਕਿ ਮੈਂ ਐਗਰੀਮੈਂਟ 'ਤੇ ਸਾਈਨ ਨਹੀਂ ਕੀਤੇ।ਇਸ ਕਾਰਨ ਸਾਰੇ ਸਿੱਖ ਭਾਈਚਾਰੇ ਵਿਚ ਉਦਾਸੀ ਛਾ ਗਈ ਸੀ ਅਤੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ। ਸਾਰਿਆਂ ਵੱਲੋਂ ਸਹਿਮਤੀ ਨਾਲ ਲਏ ਫ਼ੈਸਲੇ ਮੁਤਾਬਕ ਅਦਾਲਤ ਵਿਚ ਕੇਸ ਕਰ ਦਿੱਤਾ ਗਿਆ।ਵੇਚਣ ਵਾਲੀ ਧਿਰ ਨੂੰ ਰਜਿਸਟਰੀ ਕਰ ਕੇ ਦੇਣੀ ਪਈ। ਨਵੀਂ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਗਲੇ ਲੰਬੇ ਸਮੇਂ ਲਈ ਯੋਜਨਾ ਤਿਆਰ ਹੈ।ਇਸ ਉੱਤੇ ਇਮਾਰਤ ਦੀ ਉਸਾਰੀ ਲਈ ਘੱਟੋ-ਘੱਟ ਪੰਜ ਤੋਂ ਛੇ ਸਾਲ ਲੱਗਣ ਦਾ ਅਨੁਮਾਨ ਹੈ।
ਸਿਆਟਲ ਵਿਚ ਖ਼ਾਲਸਾ ਗੁਰਮਤਿ ਸਕੂਲ ਪਿਛਲੇ ਤਿੰਨ ਸਾਲ ਤੋਂ ਸਫ਼ਲਤਾ ਨਾਲ ਚੱਲ ਰਿਹਾ ਹੈ।ਸ਼ੁਰੂ ਵਿਚ ਕੋਈ 70 ਕੁ ਦੇ ਕਰੀਬ ਬੱਚੇ ਸਨ ਪਰ ਜਿਉਂ-ਜਿਉਂ ਸਿਆਟਲ ਵਾਸੀਆਂ ਨੂੰ ਇਸ ਸਕੂਲ ਵਿਚ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦਾ ਪਤਾ ਲੱਗਦਾ ਗਿਆ ਤਾਂ ਬੱਚਿਆ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਗਈ।ਇਸ ਸਮੇਂੇ 320 ਤੋਂ ਉੱਪਰ ਬੱਚੇ ਖ਼ਾਲਸਾ ਗੁਰਮਤਿ ਸਕੂਲ ਦੀ ਇਸ ਫੁਲਵਾੜੀ ਦਾ ਸ਼ਿੰਗਾਰ ਹਨ ਜੋ ਇੱਥੇ ਗੁਰਮੁਖੀ, ਕੰਪਿਊਟਰ, ਕੀਰਤਨ, ਤਬਲਾ ਵਜਾਉਣਾ ਅਤੇ ਕੁੱਝ ਹੋਰ ਸਾਜ਼ ਵਜਾਉਣੇ ਵੀ ਸਿੱਖ ਰਹੇ ਹਨ।ਬੱਚਿਆਂ ਨੂੰ ਲੀਡਰਸ਼ਿਪ ਵਿਚ ਉਭਾਰਨ ਲਈ ਤਕਰੀਰਾਂ ਕਰਨ ਦੀ ਸਪੈਸ਼ਲ ਪੜਾਈ ਕਰਾਈ ਜਾ ਰਹੀ ਹੈ।ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਰ ਸਾਲ ਤਕਰੀਰਾਂ ਦੇ ਮੁਕਾਬਲੇ ਕਰਾਉਣ ਦਾ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਕਰਾਇਆ ਜਾਂਦਾ ਹੈ ਜਿਸ ਵਿਚ ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਵਿਦਿਆਰਥੀ ਵੀ ਹਿੱਸਾ ਲੈਂਦੇ ਹਨ।ਲਗਭਗ ਹਰ ਸਾਲ ਕੋਈ ਨਾ ਕੋਈ ਇਨਾਮ ਜਿੱਤ ਕੇ ਲਿਆਉਂਦੇ ਹਨ।ਹੁਣ ਉਹ ਦਿਨ ਦੂਰ ਨਹੀਂ ਹਨ ਜਦੋਂ ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦੀ ਤਰ੍ਹਾਂ ਸਾਡੀ ਇਸ ਫੁਲਵਾੜੀ ਦੇ ਬੱਚੇ ਵੀ ਅਮਰੀਕੀ ਸਰਕਾਰ ਦਾ ਹਿੱਸਾ ਹੋਣਗੇ। ਸਿੱਖ ਸੰਗਤਾਂ ਵਲੋਂ ਇਸ ਕੰਮ ਲਈ ਵਧ-ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ।