
ਨਿਊਯਾਰਕ, 3 ਮਾਰਚ : ਅਮਰੀਕਾ ਦੇ ਉੱਤਰ ਪੂਰਬ ਤਟ ਤੋਂ ਆਏ ਤੂਫ਼ਾਨ ਦੀ ਲਪੇਟ ਵਿਚ ਆਉਣ ਕਾਰਨ 6 ਜਣਿਆਂ ਦੀ ਮੌਤ ਹੋ ਗਈ, ਜਦਕਿ ਲਗਭਗ 7 ਲੱਖ ਲੋਕ ਪ੍ਰਭਾਵਤ ਹੋਏ ਹਨ। ਇਥੇ 113 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲੀਆਂ। ਕਈ ਇਲਾਕਿਆਂ 'ਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ।ਤੂਫ਼ਾਨ ਦਾ ਅਸਰ ਉਡਾਨ ਤੇ ਰੇਲ ਸੇਵਾਵਾਂ 'ਤੇ ਵੀ ਪਿਆ ਹੈ। ਇਥੇ ਲਗਭਗ 3000 ਉਡਾਨਾਂ ਰੱਦ ਕਰਨੀਆਂ ਪਈਆਂ ਹਨ ਅਤੇ ਪੂਰਬੀ ਤਟ ਦੇ ਇਲਾਕਿਆਂ 'ਚ ਰੇਲ ਆਵਾਜਾਈ ਰੋਕ ਦਿਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਤੂਫ਼ਾਨ ਕਾਰਨ ਦੂਜੇ ਏਅਰਪੋਰਟ ਤੋਂ ਉਡਾਨ ਭਰਨੀ ਪਈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ 'ਚ ਤੂਫ਼ਾਨ ਹੋਰ ਖ਼ਤਰਨਾਕ ਹੋ ਸਕਦਾ ਹੈ।ਅਮਰੀਕੀ ਮੀਡੀਆ ਰੀਪੋਰਟ ਮੁਤਾਬਕ ਕਈ ਇਲਾਕਿਆਂ 'ਚ ਹਵਾਵਾਂ ਇੰਨੀਆਂ ਤੇਜ਼ ਸਨ ਕਿ ਦਰੱਖਤ ਜੜੋਂ ਉਖੜ ਗਏ।
ਬਿਜਲੀ ਦੇ ਖੰਭੇ ਡਿੱਗਣ ਕਾਰਨ 90 ਹਜ਼ਾਰ ਤੋਂ ਵੱਧ ਘਰਾਂ 'ਚ ਬਿਜਲੀ ਸਪਲਾਈ ਬੰਦ ਪਈ ਹੈ। ਇਥੇ 7 ਲੱਖ ਤੋਂ ਵੱਧ ਲੋਕ ਮੁਢਲੀਆਂ ਚੀਜ਼ਾਂ ਲਈ ਜੂਝ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਬੋਸਟਨ ਸਮੇਤ ਕਈ ਤਟੀ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਜਾਣ ਦੀ ਸਲਾਹ ਦਿਤੀ ਗਈ ਹੈ। ਪੁਲਿਸ ਮੁਤਾਬਕ ਤੂਫ਼ਾਨ ਕਾਰਨ ਦਰੱਖਤ ਡਿੱਗਣ ਅਤੇ ਘਰਾਂ ਦੇ ਮਲਬੇ 'ਚ ਦੱਬੇ ਜਾਣ ਕਰ ਕੇ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁਕੀ ਹੈ। ਮ੍ਰਿਤਕਾਂ 'ਚ ਤਿੰਨ ਬੱਚੇ ਸ਼ਾਮਲ ਹਨ। ਵਰਜੀਨੀਆ ਦੇ ਗਵਰਨਰ ਰੋਲਫ਼ ਨੋਰਦਮ ਨੇ ਦਸਿਆ ਕਿ ਤੂਫ਼ਾਨ ਤੋਂ ਬਚਾਅ ਅਤੇ ਸੁਰੱਖਿਆ ਦੇ ਮੱਦੇਨਜ਼ਰ ਸ਼ੁਕਰਵਾਰ ਦੁਪਹਿਰ ਤੋਂ ਹੀ ਸੂਬੇ 'ਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਸੀ। (ਪੀਟੀਆਈ)