
ਵਾਸ਼ਿੰਗਟਨ, 8 ਫ਼ਰਵਰੀ : ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਦੇ ਤਿੰਨ ਲੋਕਾਂ ਨੂੰ ਗਲੋਬਲ ਅਤਿਵਾਦੀ ਐਲਾਨਿਆ ਹੈ। ਤਿੰਨਾਂ 'ਤੇ ਲਸ਼ਕਰ-ਏ-ਤੋਇਬਾ ਅਤੇ ਤਾਲਿਬਾਨ ਜਿਹੇ ਅਤਿਵਾਦੀ ਸੰਗਠਨਾਂ ਨਾਲ ਜੁੜੇ ਹੋਣ ਦਾ ਦੋਸ਼ ਹੈ। ਅਮਰੀਕਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਦੱਖਣ ਏਸ਼ੀਆ 'ਚ ਅਤਿਵਾਦੀਆਂ ਦੀ ਮਦਦ ਕਰਨ ਵਾਲੇ ਨੈਟਵਰਕਾਂ ਨੂੰ ਤੋੜਨ 'ਚ ਮਦਦ ਮਿਲੇਗੀ।ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰੇਜਰੀ ਨੇ ਤਿੰਨ ਅਤਿਵਾਦੀਆਂ ਨੂੰ ਗਲੋਬਲ ਅਤਿਵਾਦੀ ਐਲਾਨ ਦਿਤਾ ਹੈ। ਇਨ੍ਹਾਂ ਦੇ ਨਾਂ ਰਹਿਮਾਨ ਜੈਬ ਫਕੀਰ ਮੁਹੰਮਦ, ਹਿਜ਼ਬੁੱਲਾ ਅਸਤਮ ਖ਼ਾਨ ਅਤੇ ਦਿਲਾਵਰ ਖ਼ਾਨ ਨਾਦਿਰ ਖ਼ਾਨ ਹੈ। ਤਿੰਨਾਂ ਅਤਿਵਾਦੀਆਂ ਨੂੰ ਗਲੋਬਲ ਅਤਿਵਾਦੀ ਐਲਾਨਣ ਮਗਰੋਂ ਤਿੰਨਾਂ ਦੀ ਸਾਰੀ ਜਾਇਦਾਦ ਅਮਰੀਕਾ ਜ਼ਬਤ ਕਰ ਸਕਦਾ ਹੈ। ਕਿਸੇ ਵੀ ਅਮਰੀਕੀ ਨਾਗਰਿਕ ਨੂੰ ਇਨ੍ਹਾਂ ਤਿੰਨਾਂ ਨਾਲ ਕਿਸੇ ਤਰ੍ਹਾਂ ਦੇ ਮੇਲ-ਜੋਲ ਤੋਂ ਰੋਕਿਆ ਜਾ ਸਕਦਾ ਹੈ।
ਟ੍ਰੇਜਰੀ ਡਿਪਾਰਟਮੈਂਟ ਦੇ ਟੈਰੋਰਿਜ਼ਮ ਐਂਡ ਫ਼ਾਈਨੈਂਸ਼ਿਅਲ ਇੰਟੈਲੀਜੈਂਸ ਦੇ ਅੰਡਰ ਸੈਕ੍ਰੇਟਰੀ ਸੀਗਲ ਮਾਂਡੇਲਕਰ ਨੇ ਕਿਹਾ ਕਿ ਅਮਰੀਕਾ ਲਗਾਤਾਰ ਉਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਲਿਆ ਰਿਹਾ ਹੈ, ਜੋ ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਦੇ ਹਨ ਅਤੇ ਦੱਖਣ ਏਸ਼ੀਆ 'ਚ ਗ਼ਲਤ ਤਰੀਕੇ ਨਾਲ ਵਿੱਤੀ ਨੈਟਵਰਕ ਚਲਾ ਰਹੇ ਹਨ।ਅਮਰੀਕੀ ਸਰਕਾਰ ਵਲੋਂ ਜਿਨ੍ਹਾਂ ਲੋਕਾਂ 'ਤੇ ਨਿਸ਼ਾਨਾ ਸਾਧਿਆ ਗਿਆ, ਉਨ੍ਹਾਂ 'ਚ ਸ਼ਾਮਲ ਰਹਿਮਾਨ ਜੈਬ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਖਾੜੀ ਵਿਚ ਲਸ਼ਕਰ ਲਈ ਧਨ ਇਕੱਠਾ ਕੀਤਾ ਅਤੇ ਅਫ਼ਗਾਨ 'ਵਚ ਸਰਗਰਮ ਲਸ਼ਕਰ ਦੇ ਮੈਂਬਰਾਂ ਨਾਲ ਲੰਮੇ ਸਮੇਂ ਤਕ ਸੰਪਰਕ ਬਣਾਈ ਰਖਿਆ। ਹਿਜ਼ਬੁੱਲਾ, ਅਮੀਨੁੱਲਾ ਨਾਂ ਦੇ ਸੰਗਠਨ ਲਈ ਕੰਮ ਕਰ ਰਿਹਾ ਸੀ। ਉਹ ਪੇਸ਼ਾਵਰ ਦੇ ਇਕ ਮਦਰਸੇ ਦੇ ਵਿੱਤੀ ਕੰਮ ਵੇਖਦਾ ਸੀ। ਦਿਲਾਵਰ ਖ਼ਾਨ ਨਾਦਿਰ ਖ਼ਾਨ ਵੀ ਅਮੀਨੁੱਲਾ ਨਾਲ ਜੁੜਿਆ ਸੀ। (ਪੀਟੀਆਈ)