
ਤਹਿਰਾਨ, 23
ਸਤੰਬਰ : ਈਰਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਮੱਧਮ ਦੂਰੀ ਦੀ ਇਕ ਮਿਜ਼ਾਈਲ ਦਾ ਸਫ਼ਲ
ਪ੍ਰੀਖਣ ਕੀਤਾ ਹੈ। ਈਰਾਨ ਨੇ ਇਹ ਪ੍ਰੀਖਣ ਅਜਿਹੇ ਸਮੇਂ ਕੀਤਾ ਹੈ, ਜਦੋਂ ਅਮਰੀਕਾ ਨੇ
ਚਿਤਾਵਨੀ ਦਿਤੀ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਵੱਖ
ਹੋ ਸਕਦਾ ਹੈ।
ਸਮਾਚਾਰ ਏਜੰਸੀ 'ਸਿੰਹੁਆ' ਅਨੁਸਾਰ ਈਰਾਨ ਦੇ ਸਰਕਾਰੀ ਚੈਨਲ ਪ੍ਰੈਸ
ਟੀ.ਵੀ. ਨੇ ਨਵੀਂ ਬੈਲਿਸਟਿਕ ਮਿਜ਼ਾਈਲ 'ਖੁਰੱਮਸ਼ਹਿਰ' ਦੇ ਸਫ਼ਲ ਪ੍ਰੀਖਣ ਦੀ ਇਕ ਤਸਵੀਰ
ਜਾਰੀ ਪ੍ਰਸਾਰਤ ਕੀਤੀ ਹੈ। ਇਹ ਪ੍ਰੀਖਣ ਸ਼ੁਕਰਵਾਰ ਨੂੰ ਮਿਜ਼ਾਈਲ ਦੇ ਇਕ ਫ਼ੌਜੀ ਪਰੇਡ 'ਚ
ਪੇਸ਼ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਕੀਤਾ ਗਿਆ। ਇਸ ਪਰੇਡ 'ਚ ਰਾਸ਼ਟਰਪਤੀ ਹਸਨ
ਰੂਹਾਨੀ ਅਤੇ ਸੀਨੀਅਰ ਫ਼ੌਜ ਅਧਿਕਾਰੀ ਸ਼ਾਮਲ ਸਨ। ਜਾਣਕਾਰੀ ਮੁਤਾਬਕ ਇਸ ਮਿਜ਼ਾਈਲ ਦਾ
ਪ੍ਰੀਖਣ ਸ਼ੁਕਰਵਾਰ ਦੇਰ ਸ਼ਾਮ ਕੀਤਾ ਗਿਆ। ਇਸ ਸਬੰਧ 'ਚ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।
ਈਰਾਨ ਨੇ ਜਿਹੜੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਉਹ 2000 ਕਿਲੋਮੀਟਰ ਦੀ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜੋ ਕਈ ਮੁੱਖ ਹਥਿਆਰਾਂ ਨੂੰ ਲਿਜਾਣ 'ਚ ਸਮਰੱਥ ਹੈ। ਈਰਾਨ ਕਈ ਵਾਰ ਕਹਿ ਚੁੱਕਾ ਹੈ ਕਿ ਉਸ ਦੇ ਇਹ ਮਿਜ਼ਾਈਲ ਪ੍ਰੀਖਣ ਸਿਰਫ਼ ਅਪਣੇ ਰੱਖਿਆ ਉਦੇਸ਼ਾਂ ਲਈ ਹਨ ਅਤੇ ਇਨ੍ਹਾਂ ਤੋਂ ਬਾਕੀ ਦੇਸ਼ਾਂ ਨੂੰ ਕੋਈ ਖ਼ਤਰਾ ਨਹੀਂ ਹੈ। ਅਮਰੀਕਾ, ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਕਈ ਵਾਰ ਉਨ੍ਹਾਂ 'ਤੇ ਪਾਬੰਦੀਆਂ ਲਗਾ ਚੁੱਕਾ ਹੈ।
ਇਸਲਾਮਿਕ ਰਿਵੋਲਿਊਸ਼ਨ ਗਾਰਡ ਕੋਰਪਸ ਦੇ ਐਰੋਸਪੇਸ ਡਿਵੀਜ਼ਨ ਦੇ ਸੀਨੀਅਰ ਕਮਾਂਡਰ ਬ੍ਰਿਗੇਡੀਅਰ ਜਨਰਲ ਅਮੀਰ ਅਲੀ ਹਾਜਿਜਾਦੇਹ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਇਹ ਮਿਜ਼ਾਈਲ ਕਈ ਹਥਿਆਰਾਂ ਨੂੰ ਲਿਜਾਣ 'ਚ ਸਮਰੱਥ ਹੈ। ਉਨ੍ਹਾਂ ਦਸਿਆ ਕਿ ਇਹ ਮਿਜ਼ਾਈਲ ਈਰਾਨ ਦੀ ਹੋਰ ਬੈਲਿਸਟਿਕ ਮਿਜ਼ਾਈਲਾਂ ਦੇ ਮੁਕਾਬਲੇ ਆਕਾਰ 'ਚ ਛੋਟੀ, ਪਰ ਵੱਧ ਪ੍ਰਭਾਵਸ਼ਾਲੀ ਹੈ। ਇਸ ਦੀ ਨਜ਼ਦੀਕੀ ਭਵਿੱਖ 'ਚ ਵਰਤੋਂ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਈਰਾਨੀ ਫ਼ੌਜ ਨੇ
ਸ਼ੁਕਰਵਾਰ ਨੂੰ 1980-1988 ਯੁੱਧ ਦੀ ਯਾਦ 'ਚ ਇਕ ਫ਼ੌਜੀ ਪਰੇਡ ਦਾ ਆਯੋਜਨ ਕੀਤਾ ਸੀ, ਜਿਸ
'ਚ ਦੇਸ਼ ਦੀ ਫ਼ੌਜੀ ਸ਼ਕਤੀਆਂ ਨੂੰ ਪੇਸ਼ ਕੀਤਾ ਗਿਆ। (ਪੀਟੀਆਈ)