
ਬੇਰੂਤ, 26 ਫ਼ਰਵਰੀ : ਪੂਰਬੀ ਸੀਰੀਆ 'ਚ ਇਸਲਾਮਿਕ ਸਟੇਟ ਦੇ ਜਿਹਾਦੀਆਂ ਦੇ ਆਖਰੀ ਇਲਾਕੇ 'ਚ ਹਵਾਈ ਬੰਬਾਰੀ ਵਿਚ ਘੱਟੋ-ਘੱਟ 25 ਨਾਗਰਿਕ ਮਾਰੇ ਗਏ, ਜਿਨ੍ਹਾਂ 'ਚ 7 ਬੱਚੇ ਸ਼ਾਮਲ ਹਨ। ਇਕ ਨਿਗਰਾਨੀ ਸੰਗਠਨ ਨੇ ਅੱਜ ਇਹ ਜਾਣਕਾਰੀ ਦਿਤੀ।ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਕਿ ਅਲ ਸ਼ਾਹਫਾਹ ਪਿੰਡ ਦੇ ਆਸਪਾਸ ਐਤਵਾਰ ਨੂੰ ਹਵਾਈ ਹਮਲੇ ਕੀਤੇ ਗਏ। ਬ੍ਰਿਟੇਨ ਸਥਿਤ ਆਬਜ਼ਰਵੇਟਰੀ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦਸਿਆ ਕਿ ਅਮਰੀਕੀ ਗਠਜੋੜ ਨੇ ਇਹ ਹਵਾਈ ਹਮਲੇ ਕੀਤੇ। ਉਨ੍ਹਾਂ ਕਿਹਾ, ''ਗਠਜੋੜ ਨੇ ਪੂਰੇ ਦਿਨ ਹਮਲੇ ਕੀਤੇ, ਜਿਸ 'ਚ ਅਲ-ਸ਼ਾਹਫਾਹ ਅਤੇ ਆਸਪਾਸ ਦੇ ਰੇਗਿਸਤਾਨੀ ਇਲਾਕੇ 'ਚ 7 ਬੱਚਿਆਂ ਸਮੇਤ 25 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਇਹ ਪਿੰਡ ਪੂਰਬੀ ਸੀਰੀਆ 'ਚ ਆਈ.ਐਸ. ਕਬਜ਼ੇ ਵਾਲਾ ਅੰਤਮ ਇਲਾਕਾ ਹੈ।
ਇਹ ਫ਼ਰਾਤ ਨਦੀ ਦੇ ਪੂਰਬੀ ਤਟ 'ਤੇ ਪੈਂਦਾ ਹੈ। ਡੇਰ ਇਜੋਰ ਸੂਬੇ 'ਚ ਜਿਹਾਦਿਆਂ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਹਾਲ ਹੀ ਦੇ ਹਫ਼ਤਿਆਂ ਵਿਚ ਕੀਤੇ ਗਏ ਹਵਾਈ ਹਮਲਿਆਂ 'ਚ ਦਰਜਨਾਂ ਲੋਕ ਮਾਰੇ ਗਏ, ਜਿਨ੍ਹਾਂ 'ਚ ਕਈ ਉਨ੍ਹਾਂ ਦੇ ਰਿਸ਼ਤੇਦਾਰ ਹਨ। ਗਠਜੋੜ ਸਮਰਥਤ ਕੁਰਦਿਸ਼ ਫ਼ੌਜ ਆਈ.ਐਸ. ਨੂੰ ਫ਼ਰਾਤ ਨਦੀ ਦੇ ਪੂਰਬੀ ਹਿੱਸੇ ਤੋਂ ਭਜਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਰੂਸ ਸਮਰਥਤ ਸੀਰੀਆਈ ਸਰਕਾਰ ਅਤੇ ਹੋਰ ਸਾਥੀ ਫ਼ੌਜਾਂ ਨਦੀ ਦੇ ਪਛਮੀ ਹਿੱਸੇ 'ਚ ਤਾਇਨਾਤ ਹਨ। ਅਬਦੇਲ ਰਹਿਮਾਨ ਨੇ ਇਹ ਨਹੀਂ ਦਸਿਆ ਕਿ ਨਵੇਂ ਹਵਾਈ ਹਮਲਿਆਂ 'ਚ ਆਈ.ਐਸ. ਦੇ ਕਿੰਨੇ ਲੜਾਕਿਆਂ ਨੂੰ ਮਾਰ ਮੁਕਾਇਆ ਗਿਆ। ਉਨ੍ਹਾਂ ਕਿਹਾ ਕਿ ਸੀਰੀਆ ਦਾ ਤਿੰਨ ਫ਼ੀ ਸਦੀ ਤੋਂ ਵੀ ਘੱਟ ਹਿੱਸਾ ਹੁਣ ਆਈ.ਐਸ. ਦੇ ਕਬਜ਼ੇ 'ਚ ਹੈ। (ਪੀਟੀਆਈ)