
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਮੀਡੀਆ ਵਿਚ ਆ ਰਹੀਆਂ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਉਹ ਆਪਣਾ ਅਹੁਦਾ ਛੱਡ ਰਹੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਜਗ੍ਹਾ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੇ ਨਿਦੇਸ਼ਕ ਮਾਈਕ ਪੋਮਪਿਓ ਲੈਣਗੇ। ਇਹ ਪੁੱਛੇ ਜਾਣ 'ਤੇ ਕੀ ਉਨ੍ਹਾਂ ਦੇ ਅਹੁਦਾ ਛੱਡਣ ਨਾਲ ਸੰਬੰਧਿਤ ਰਿਪੋਰਟਾਂ ਵਿਚ ਕੋਈ ਸੱਚਾਈ ਸੀ ਤਾਂ ਟਿਲਰਸਨ ਨੇ ਕਿਹਾ 'ਨਹੀਂ'।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਇਕ ਟਵੀਟ ਵਿਚ ਕਿਹਾ ਸੀ ਕਿ ਉਹ ਟਿਲਰਸਨ ਨਾਲ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਉਹ ਕਿਤੇ ਵੀ ਨਹੀਂ ਜਾ ਰਹੇ ਹਨ। ਇਸ ਸਾਲ ਦੇ ਕੈਨੇਡੀ ਸੈਂਟਰ ਸਨਮਾਨ ਨਾਲ ਸਨਮਾਨਿਤ ਲੋਕਾਂ ਲਈ ਵਿਦੇਸ਼ ਵਿਭਾਗ ਵਿਚ ਆਯੋਜਿਤ ਰਾਤ ਦੇ ਭੋਜਨ ਤੋਂ ਪਹਿਲਾਂ ਇਕ ਛੋਟੇ ਇੰਟਰਵਿਊ ਵਿਚ ਟਿਲਰਸਨ ਨੇ ਕਿਹਾ ਕਿ ਮੀਡੀਆ ਨੂੰ ਬਿਹਤਰ ਸੂਤਰਾਂ ਦੀ ਲੋੜ ਹੈ।
ਗੌਰਤਲਬ ਹੈ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਟਰੰਪ ਸੀਨੀਅਰ ਅਮਰੀਕੀ ਡਿਪਲੋਮੈਟ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਟਿਲਰਸਨ ਦੇ ਉੱਤਰੀ ਕੋਰੀਆ ਪ੍ਰਤੀ ਨਰਮ ਰਵੱਈਏ ਅਤੇ ਹੋਰ ਨੀਤੀਆਂ ਵਿਚ ਮਤਭੇਦਾਂ ਕਾਰਨ ਉਨ੍ਹਾਂ ਦੇ ਰਾਸ਼ਟਰਪਤੀ ਨਾਲ ਸੰਬੰਧ ਤਣਾਅਪੂਰਣ ਹੋ ਗਏ ਹਨ।