
ਦਮਿਸ਼ਕ : ਇਸ ਸਮੇਂ ਸੀਰੀਆ ਦੇ ਹਾਲਾਤ ਬਦ ਤੋਂ ਵੀ ਬਦਤਰ ਹੋ ਚੁੱਕੇ ਹਨ। ਨਿੱਤ ਦਿਨ ਸੈਂਕੜੇ ਲੋਕ ਹਵਾਈ ਹਮਲਿਆਂ ਦਾ ਸ਼ਿਕਾਰ ਹੋ ਕੇ ਮੌਤ ਦਾ ਨਿਵਾਲਾ ਬਣ ਰਹੇ ਹਨ। ਭਾਵੇਂ ਕਿ ਹਮਲਿਆਂ ਦੌਰਾਨ ਬਚੇ ਲੋਕਾਂ ਲਈ ਸੀਰੀਆ ਵਿਚ ਰਾਹਤ ਕੈਂਪ ਲਗਾਏ ਗਏ ਹਨ ਪਰ ਉੱਥੇ ਵੀ ਹਾਲਾਤ ਇਸ ਕਦਰ ਭਿਆਨਕ ਹੋ ਚੁੱਕੇ ਹਨ ਕਿ ਰਾਹਤ ਕਰਮੀਆਂ ਵੱਲੋਂ ਔਰਤਾਂ ਨੂੰ ਜਿਸਮਾਨੀ ਸੋਸ਼ਣ ਦੀ ਸ਼ਰਤ 'ਤੇ ਭੋਜਨ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਪਿਛਲੇ ਕੁਝ ਦਿਨਾਂ ਤੋਂ ਸੀਰੀਆ ਪੂਰਬੀ ਘੋਊਟਾ ਖੇਤਰ ਕਰਬਲਾ ਦਾ ਮੈਦਾਨ ਬਣਿਆ ਹੋਇਆ ਹੈ, ਜਿੱਥੇ ਸੀਰੀਆਈ ਸਰਕਾਰ ਦੇ ਹਮਲੇ ਵਿਚ ਪਿਛਲੇ ਸੱਤ ਦਿਨਾਂ ਵਿਚ ਲਗਭਗ 500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਤਾਂ ਮਹਿਜ਼ ਸੱਤ ਦਿਨਾਂ ਦਾ ਅੰਕੜਾ ਹੈ। ਵੈਸੇ ਸੀਰੀਆ ਵਿਚ ਚੱਲ ਰਹੇ ਸੰਘਰਸ਼ ਦੌਰਾਨ ਹੁਣ ਤੱਕ ਲੱਖਾਂ ਲੋਕਾਂ ਬੇਮੌਤ ਮਾਰੇ ਜਾ ਚੁੱਕੇ ਹਨ, ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ ਅਤੇ ਹਜ਼ਾਰਾਂ ਬੱਚੇ ਅਨਾਥ ਹੋ ਚੁੱਕੇ ਹਨ।
ਰੂਸ ਅਤੇ ਸੀਰੀਆ ਇਸ ਦੇ ਲਈ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਭਾਵੇਂ ਕਿ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੇ ਇੱਥੇ 30 ਦਿਨਾਂ ਤੱਕ ਯੁੱਧ ਵਿਰਾਮ ਦਾ ਪ੍ਰਸਤਾਵ ਪਾਸ ਕੀਤਾ ਸੀ ਪਰ ਇਹ ਸ਼ਾਮ ਤੱਕ ਪਹਿਲੇ ਦਿਨ ਹੀ ਟੁੱਟ ਗਿਆ। ਅਸਲ ਵਿਚ ਦੋ ਦੇਸ਼ਾਂ ਕੜਵਾਹਟ ਵਿਚ ਆਮ ਲੋਕ ਬੁਰੀ ਤਰ੍ਹਾਂ ਪਿਸ ਰਹੇ ਹਨ, ਹਾਲਾਤ ਇਹ ਹਨ ਕਿ ਕੋਈ ਉਨ੍ਹਾਂ ਦੀ ਚੀਕ ਪੁਕਾਰ ਸੁਣਨ ਵਾਲਾ ਨਹੀਂ ਹੈ....ਪਿਛਲੇ ਦਿਨੀਂ ਸੀਰੀਆ ਵਿਚ ਵੱਡੀ ਗਿਣਤੀ ਮਾਸੂਮ ਬੱਚਿਆਂ ਦੀ ਮੌਤ ਹੋਈ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਇਸ ਪਾਸੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।
ਹੁਣ ਸੀਰੀਆ ਵਿਚ ਹਵਾਈ ਹਮਲਿਆਂ ਦੌਰਾਨ ਆਮ ਨਾਗਰਿਕਾਂ ਦੀਆਂ ਵੱਡੇ ਪੱਧਰ 'ਤੇ ਮੌਤਾਂ ਹੋ ਜਾਣ ਤੋਂ ਬਾਅਦ ਰੂਸ 'ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਅਮਰੀਕਾ ਨੇ ਰੂਸ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਹੈ ਕਿ ਉਹ ਅੱਗ ਲਗਾਉਣ ਅਤੇ ਬੁਝਾਉਣ ਦੋਵੇਂ ਪਾਸੇ ਕੰਮ ਕਰ ਰਿਹਾ ਹੈ। ਸੀਰੀਆ ਵਿਚ ਪਿਛਲੇ ਦੋ ਦਿਨਾਂ ਦੌਰਾਨ ਹੋਏ ਹਵਾਈ ਹਮਲਿਆਂ ਨੂੰ ਸੀਰੀਆ ਵਿੱਚ ਛਿੜੀ ਜੰਗ ਦੇ ਸਭ ਤੋਂ ਖੂਨੀ ਦਿਨਾਂ ਵਿੱਚ ਦਰਜ ਕੀਤਾ ਗਿਆ ਹੈ।
ਅਫਸੋਸ ਦੀ ਗੱਲ ਹੈ ਕਿ ਵਿਸ਼ਵ ਸ਼ਾਂਤੀ ਦਾ ਹੋਕਾ ਦੇਣ ਵਾਲੇ ਦੇਸ਼ ਮਨੁੱਖਤਾ ਦੇ ਹੋ ਰਹੇ ਇਸ ਘਾਣ ਨੂੰ ਦੇਖ ਕੇ ਕੋਈ ਠੋਸ ਕਦਮ ਉਠਾਉਣ ਦੀ ਬਜਾਏ ਮਹਿਜ਼ ਬਿਆਨਬਾਜ਼ੀਆਂ ਤੱਕ ਸੀਮਤ ਹਨ। ਅਜਿਹੇ ਵਿਚ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵੀ ਮੌਤ ਦੇ ਇਸ ਤਾਂਡਵ ਨੂੰ ਰੋਕਣ ਵਿਚ ਅਸਫ਼ਲ ਸਾਬਤ ਹੋ ਰਹੀ ਹੈ ਤਾਂ ਫਿਰ ਇਸ ਦਾ ਬਣਾਇਆ ਜਾਣਾ ਵੀ ਬੇਮਾਇਨੇ ਹੈ। ਕਿਉਂਕਿ ਮਨੁੱਖਤਾ ਦੇ ਹੋਰ ਘਾਣ ਨੂੰ ਦੇਖ ਕੇ ਅੱਖਾਂ ਮੀਟ ਲੈਣ ਨੂੰ ਸਹੀ ਨਹੀਂ ਕਿਹਾ ਜਾ ਸਕਦਾ।