
ਮਾਸਕੋ, 27 ਨਵੰਬਰ: ਭਾਰਤ ਅਤੇ ਰੂਸ ਨੇ ਅਤਿਵਾਦ ਨਾਲ ਲੜਨ 'ਚ ਇਕ-ਦੂਜੇ ਦੀ ਮਦਦ ਕਰਨ ਉਤੇ ਅੱਜ ਸਹਿਮਤੀ ਪ੍ਰਗਟਾਈ ਅਤੇ ਦੋਹਾਂ ਰਣਨੀਤਕ ਸਾਂਝੇਦਾਰਾਂ ਨੇ ਇਕ ਅਹਿਮ ਸਮਝੌਤੇ ਉਤੇ ਹਸਤਾਖਰ ਕੀਤੇ। ਦੋਹਾਂ ਦੇਸ਼ਾਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਚੰਗਾ ਜਾਂ ਬੁਰਾ ਅਤਿਵਾਦੀ ਨਹੀਂ ਹੁੰਦਾ ਅਤੇ ਇਸ ਬੁਰਾਈ ਨਾਲ ਸਾਂਝੇ ਤੌਰ 'ਤੇ ਲੜਨ ਦੀ ਵੀ ਗੱਲ ਕਹੀ।ਹਰ ਤਰ੍ਹਾਂ ਦੇ ਅਤਿਵਾਦ ਨਾਲ ਨਜਿੱਠਣ ਦੇ ਇਰਾਦੇ ਨਾਲ ਦੋਹਾਂ ਦੇਸ਼ਾਂ 'ਚ ਸਹਿਯੋਗ ਲਈ ਸਮਝੌਤੇ ਉਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰੂਸ ਦੇ ਗ੍ਰਹਿ ਮੰਤਰੀ ਵਲਾਦੀਮੀਰ ਕੋਲੋਕੋਤਸੇਵ ਨੇ ਹਸਤਾਖਰ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਵਿਆਪਕ ਗੱਲਬਾਤ ਕੀਤੀ।ਭਾਰਤੀ ਸਫ਼ਾਰਤਖ਼ਾਨੇ ਵਲੋਂ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮੰਤਰੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਤਿਵਾਦ ਅਤੇ ਕੱਟੜਵਾਦ ਨਾਲ ਲੜਨ 'ਚ ਸਹਿਯੋਗ ਮਜ਼ਬੂਤ ਕਰਨ ਲਈ ਇਸ ਦੁਵੱਲੇ ਰਿਸ਼ਤੇ ਦਾ ਇਕ ਅਹਿਮ ਪਹਿਲੂ ਸੁਰੱਖਿਆ 'ਚ ਸਹਿਯੋਗ ਕਰਨਾ ਹੈ।
ਰਾਜਨਾਥ ਨੇ ਸਮਝੌਤੇ ਉਤੇ ਹਸਤਾਖਰ ਤੋਂ ਬਾਅਦ ਟਵੀਟ ਕੀਤਾ ਕਿ ਭਾਰਤ ਅਤੇ ਰੂਸ ਵਿਚਕਾਰ ਹੋਇਆ ਇਹ ਸਮਝੌਤਾ ਅਕਤੂਬਰ 1993 'ਚ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੀ ਥਾਂ ਲਵੇਗਾ। ਇਹ ਸਮਝੌਤਾ ਅੰਦਰੂਨੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਉਤੋ ਸਹਿਯੋਗ ਮਜ਼ਬੂਤ ਕਰਨ ਅਤੇ ਇਸ ਨੂੰ ਵਿਸਤਾਰਤ ਕਰਨ 'ਚ ਮਦਦ ਕਰੇਗਾ। ਅੰਦਰੂਨੀ ਸੁਰੱਖਿਆ ਉਤੇ ਸਮਝੌਤਾ ਸੂਚਨਾ ਅਤੇ ਤਕਨੀਕ ਅਪਰਾਧਾਂ, ਜਾਅਲੀ ਨੋਟਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਆਰਥਕ ਅਪਰਾਧਾਂ, ਬੌਧਿਕ ਜਾਇਦਾਦ, ਸਭਿਆਚਾਰਕ ਜਾਇਦਾਦ ਅਤੇ ਹੋਰ ਵਿਸ਼ਿਆਂ ਨਾਲ ਜੁੜੇ ਅਪਰਾਧਾਂ ਸਮੇਤ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਚ ਮਦਦ ਲਈ ਇਕ ਵਿਆਪਕ ਰੁਖ਼ ਮੁਹਈਆ ਕਰੇਗਾ। (ਪੀਟੀਆਈ)