
ਇਸਲਾਮਾਬਾਦ, 20 ਫ਼ਰਵਰੀ : ਉਰਦੂ ਅਤੇ ਅੰਗਰੇਜ਼ੀ ਦੇ ਨਾਲ ਚੀਨ ਭਾਸ਼ਾ ਮੰਦਾਰਿਨ ਵੀ ਪਾਕਿਸਤਾਨ ਦੀ ਅਧਿਕਾਰਕ ਭਾਸ਼ਾ 'ਚ ਸ਼ਾਮਲ ਹੋ ਗਈ ਹੈ। ਇਹ ਕਦਮ ਪਾਕਿ ਸਰਕਾਰ ਨੇ ਚੀਨ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚੁਕਿਆ ਹੈ। ਸੀ.ਪੀ.ਈ.ਸੀ. ਪ੍ਰਾਜੈਕਟ ਦਾ ਹਿੱਸਾ ਬਣਨ ਮਗਰੋਂ ਚੀਨ ਨਾਲ ਰਿਸ਼ਤਿਆਂ 'ਚ ਹੋਰ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਇਸ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਦੇ ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਸੀ.ਪੀ.ਈ.ਸੀ. ਨਾਲ ਜੋੜਨਾ ਹੈ, ਤਾਕਿ ਪਾਕਿਸਤਾਨੀ ਲੋਕ ਆਸਾਨੀ ਨਾਲ ਚੀਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ ਅਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਵਿਚਕਾਰ ਵਧੀਆ ਤਾਲਮੇਲ ਬਣ ਸਕੇ।ਪਾਕਿਸਤਾਨ ਦੀ ਸੈਨੇਟ ਨੇ ਸੋਮਵਾਰ ਨੂੰ ਚੀਨ ਦੀ ਮੰਦਾਰਿਨ ਭਾਸ਼ਾ ਨੂੰ ਦੇਸ਼ ਦੀਆਂ ਸਰਕਾਰੀ ਭਾਸ਼ਾਵਾਂ ਵਿਚੋਂ ਇਕ ਦਾ ਦਰਜਾ ਦੇ ਦਿਤਾ। ਚੀਨ 'ਚ ਮੰਦਾਰਿਨ ਅਤੇ ਕੈਂਟੋਨੀਜ਼ ਜਿਹੀਆਂ ਭਾਸ਼ਾਵਾਂ ਪ੍ਰਸਿੱਧ ਹਨ। ਪਾਕਿਸਤਾਨ ਦੀ ਸੈਨੇਟ ਨੇ ਇਹ ਕਦਮ ਅਜਿਹੇ ਸਮੇਂ ਚੁਕਿਆ ਹੈ, ਜਦੋਂ ਪਾਕਿਸਤਾਨ ਵਿਚ ਚੀਨ ਦਾ ਦਖ਼ਲ ਅਤੇ ਦਬਦਬਾ ਵਧਦਾ ਜਾ ਰਿਹਾ ਹੈ।
ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ 'ਚ ਚੀਨੀ ਫ਼ੌਜ ਦੀ ਨਿਗਰਾਨੀ ਹੇਠ ਕਈ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਅਤੇ ਚੀਨ ਨੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਕ ਕੋਰੀਡੋਰ ਨੂੰ ਬਣਾਉਣ ਦਾ ਐਲਾਨ ਕੀਤਾ ਹੈ, ਜੋ ਪੀ.ਓ.ਕੇ. ਵਿਚੋਂ ਹੋ ਕੇ ਲੰਘੇਗਾ।ਕਈ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਦੀ ਯੋਜਨਾ ਭਵਿੱਖ ਵਿਚ ਪਾਕਿਸਤਾਨ ਨੂੰ ਅਪਣਾ ਇਕ ਆਰਥਕ ਉਪਨਿਵੇਸ਼ ਬਣਾਉਣ ਦੀ ਹੈ। ਪਾਕਿਸਤਾਨ ਸੈਨੇਟ 'ਚ ਪਾਸ ਇਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਵਿਚ ਕਾਫੀ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਉਰਦੂ, ਅਰਬੀ, ਅੰਗਰੇਜ਼ੀ, ਪੰਜਾਬੀ, ਪਸ਼ਤੋ ਜਿਹੀਆਂ ਭਾਸ਼ਾਵਾਂ ਪ੍ਰਸਿੱਧ ਹਨ, ਪਰ ਪੰਜਾਬੀ ਅਤੇ ਪਸ਼ਤੋ ਵਰਗੀਆਂ ਭਾਸ਼ਾਵਾਂ ਨੂੰ ਹਾਲੇ ਤਕ ਸਰਕਾਰੀ ਭਾਸ਼ਾ ਦਾ ਦਰਜਾ ਨਹੀਂ ਦਿਤਾ ਗਿਆ ਹੈ। (ਪੀਟੀਆਈ)