ਲਾਹੌਰ, 17 ਫ਼ਰਵਰੀ : ਪੂਰੇ ਪਾਕਿਸਤਾਨ ਨੂੰ ਦਹਿਲਾਉਣ ਵਾਲੇ 7 ਸਾਲਾ ਬੱਚੀ ਜੈਨਬ ਅੰਸਾਰੀ ਦੇ ਅਗ਼ਵਾ, ਬਲਾਤਕਾਰ ਅਤੇ ਹਤਿਆ ਮਾਮਲੇ ਦੇ ਦੋਸ਼ੀ ਨੂੰ ਅੱਜ ਸਜ਼ਾ ਸੁਣਾਈ ਗਈ। ਐਂਟੀ ਟੈਰੋਰਿਸਟ ਅਦਾਲਤ ਨੇ ਇਸ ਕਾਰੇ ਬੇਹੱਦ ਗੰਭੀਰ ਮੰਨਦਿਆਂ 23 ਸਾਲਾ ਇਮਰਾਨ ਅਲੀ ਲਈ ਸਜ਼ਾ-ਏ-ਮੌਤ ਦਾ ਫ਼ੈਸਲਾ ਸੁਣਾਇਆ। ਪੂਰੀ ਦੁਨੀਆਂ 'ਚ ਅਦਾਲਤ ਦੇ ਇਸ ਫ਼ੈਸਲੇ ਦੀ ਚਰਚਾ ਹੋ ਰਹੀ ਹੈ, ਕਿਉਂਕਿ ਅਪਰਾਧ ਦੇ ਡੇਢ ਮਹੀਨੇ ਅੰਦਰ ਹੀ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿਤਾ ਹੈ।ਲਾਹੌਰ ਸਥਿਤ ਅਦਾਲਤ ਨੇ ਕਿਹਾ ਕਿ ਅਪਰਾਧ ਇੰਨਾ ਗੰਭੀਰ ਹੈ ਕਿ ਬਲਾਤਕਾਰੀ ਨੂੰ ਘੱਟੋ-ਘੱਟ ਚਾਰ ਵਾਰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇੰਨਾ ਹੀ ਨਹੀਂ ਅਦਾਲਤ ਨੇ ਦੋਸ਼ੀ ਨੂੰ 25 ਸਾਲ ਜੇਲ ਦੀ ਸਜ਼ਾ ਵੀ ਸੁਣਾਈ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਜ਼ਿਕਰਯੋਗ ਹੈ ਕਿ ਇਸੇ ਸਾਲ 5 ਜਨਵਰੀ ਨੂੰ ਬੱਚੀ ਜੈਨਬ ਲਾਪਤਾ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਸਾਊਦੀ ਅਰਬ ਗਏ ਹੋਏ ਸਨ ਅਤੇ ਉਹ ਅਪਣੀ ਇਕ ਰਿਸ਼ਤੇਦਾਰ ਦੇ ਨਾਲ ਰਹਿ ਰਹੀ ਸੀ। ਇਸ ਦੇ ਬਾਅਦ 9 ਜਨਵਰੀ ਨੂੰ ਸ਼ਾਹਬਾਜ ਖ਼ਾਨ ਰੋਡ ਨੇੜੇ ਕੂੜੇ ਦੇ ਇਕ ਢੇਰ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਪੋਸਟਮਾਰਟਮ ਰੀਪੋਰਟ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਸੀ। ਕਸੂਰ ਸ਼ਹਿਰ ਦੀ ਇਸ ਘਟਨਾ 'ਤੇ ਪੂਰੇ ਪਾਕਿਸਤਾਨ ਵਿਚ ਗ਼ੁੱਸਾ ਫੁੱਟ ਰਿਹਾ ਸੀ। ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਹਤਿਆ ਦੇ ਦੋਸ਼ 'ਚ ਗੁਆਂਢੀ ਇਮਰਾਨ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਲਾਹੌਰ ਹਾਈ ਕੋਰਟ ਨੇ ਫ਼ਾਂਸੀ ਦੀ ਸਜ਼ਾ ਦਾ ਫ਼ੈਸਲਾ ਸੁਣਾ ਦਿਤਾ। (ਪੀਟੀਆਈ)
