
ਓਟਵਾ ਵਿੱਚ ਕੈਨੇਡੀਅਨ ਆਰਮੀ ਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਸ਼ਮੂਲੀਅਤ ਨਾਲ ਵੱਖਰੇ ਹੀ ਰੰਗ ਵਿੱਚ ਰੰਗੀ ਗਈ। ਓਟਵਾ ਡਾਊਨਟਾਊਨ ਰਾਹੀਂ ਗੁਜ਼ਰੇ ਇਸ ਪੰਜ ਕਿਲੋਮੀਟਰ ਲੰਮੇ ਮੁਕਾਬਲੇ ਵਿੱਚ ਦੋਵਾਂ ਹਸਤੀਆਂ ਤੋਂ ਇਲਾਵਾ ਅੰਗਹੀਣਾਂ ਨੇ ਵੀ ਬੜੇ ਜੋਸ਼ ਅਤੇ ਜੁਨੂੰਨ ਨਾਲ ਹਿੱਸਾ ਲਿਆ।
ਟਰੂਡੋ ਨੇ 22:37:4 ਦਾ ਚਿੱਪ ਟਾਈਮ ਲੈਂਦਿਆਂ ਦੌੜ ਮੁਕੰਮਲ ਕੀਤੀ ਅਤੇ 364ਵੇਂ ਸਥਾਨ `ਤੇ ਰਹੇ। ਸ. ਸੱਜਣ 25:45.1 ਦਾ ਸਮਾਂ ਲੈ ਕੇ 945ਵੇਂ ਸਥਾਨ ਉੱਤੇ ਰਹੇ। ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਕ੍ਰਿਸ ਕੋਚ ਨੇ ਐਤਵਾਰ ਨੂੰ ਟਰੂਡੋ ਨਾਲ ਮੁਲਾਕਾਤ ਕੀਤੀ। ਪੂਰੀ ਤਰ੍ਹਾਂ ਵਿਕਸਤ ਨਾ ਹੋਈਆਂ ਲੱਤਾਂ ਤੇ ਬਾਹਾਂ ਤੋਂ ਸੱਖਣੇ ਇਸ ਸ਼ਖਸ ਨੇ ਹਾਫ ਮੈਰਾਥਨ ਸਕੇਟਬੋਰਡ ਦੀ ਮਦਦ ਨਾਲ ਪੂਰੀ ਕੀਤੀ।
ਕੈਨੇਡਾ ਆਰਮੀ ਰਨ ਅਸਲ ਵਿੱਚ ਜ਼ਖ਼ਮੀ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕਰਵਾਈ ਜਾਣ ਵਾਲੀ ਸਾਲਾਨਾ ਦੌੜ ਹੈ। ਇਸ ਵਾਰ ਇਸ ਦੌੜ ਦਾ ਇਹ 10ਵਾਂ ਐਡੀਸ਼ਨ ਸੀ। ਇਸ ਦੌੜ ਦੀ ਸ਼ੁਰੂਆਤ 2008 ਵਿੱਚ ਹੋਈ ਸੀ ਤੇ ਉਸ ਸਮੇਂ 700 ਦੌੜਾਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਇਸ ਸਮੇਂ 22,000 ਦੇ ਲਗਭੱਗ ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।