
ਟੋਰਾਂਟੋ: ਟੋਰਾਂਟੋ 'ਚ ਨਵੰਬਰ, 2017 ਨੂੰ 22 ਸਾਲਾ ਮੁਟਿਆਰ ਟੈੱਸ ਰਿਚੇ ਦਾ ਕਤਲ ਕੀਤਾ ਗਿਆ ਸੀ। ਜਿਸ ਦੇ ਕਤਲ ਦੀ ਗੁੱਥੀ ਸੁਲਝਾਉਂਦੀ ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ। 21 ਸਾਲਾ ਕੈਲਨ ਸ਼ਲੈਟਰ 'ਤੇ ਇਸ ਮਾਮਲੇ 'ਚ ਦੂਜੇ ਦਰਜੇ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ 25 ਨਵੰਬਰ ਨੂੰ ਟੈੱਸ ਆਪਣੇ ਦੋਸਤਾਂ ਨਾਲ ਡਾਊਨਟਾਊਨ ਦੇ ਇਕ ਨਾਈਟ ਕਲੱਬ ਗਈ ਸੀ, ਜਿਸ ਮਗਰੋਂ ਉਹ ਲਾਪਤਾ ਹੋ ਗਈ ਸੀ।
ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਲਾਪਤਾ ਹੋਣ ਦੇ ਚਾਰ ਦਿਨਾਂ ਬਾਅਦ ਉਸ ਦੀ ਲਾਸ਼ ਉਸ ਥਾਂ ਤੋਂ ਮਿਲੀ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਟੈੱਸ ਨੂੰ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪਹਿਲੀ ਨਜ਼ਰ 'ਚ ਤਾਂ ਪੁਲਿਸ ਨੂੰ ਲੱਗਾ ਸੀ ਕਿ ਉਸ ਦੀ ਮੌਤ ਸਾਧਾਰਣ ਕਾਰਨਾਂ ਕਰਕੇ ਹੋਈ ਹੈ ਪਰ ਪੋਸਟ ਮਾਰਟਮ ਦੀ ਰਿਪੋਰਟ 'ਚ ਪਤਾ ਲੱਗਾ ਕਿ ਉਸ ਦਾ ਕਤਲ ਕੀਤਾ ਗਿਆ ਸੀ।
ਟੋਰਾਂਟੋ ਪੁਲਿਸ ਸਰਵਿਸ ਦੀ ਹੋਮੀਸਾਈਡ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਦਸੰਬਰ ਵਿੱਚ ਜਾਂਚਕਾਰਾਂ ਨੇ ਇਕ ਅਣਪਛਾਤੇ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜੋ ਕਿ ਟੈੱਸ ਦੇ ਲਾਪਤਾ ਹੋਣ ਵਾਲੀ ਰਾਤ ਨੂੰ ਆਖਰੀ ਵਾਰੀ ਉਸ ਨਾਲ ਵੇਖਿਆ ਗਿਆ ਸੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਰਜੈਂਟ ਗ੍ਰਾਹਮ ਗਿਬਸਨ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਟੈੱਸ ਤੇ ਸ਼ਲੈਟਰ ਪਹਿਲੀ ਵਾਰੀ ਟੈੱਸ ਦੇ ਕਤਲ ਦੀ ਰਾਤ ਨੂੰ ਹੀ ਮਿਲੇ ਸਨ। ਗਿਬਸਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹ ਉਸ ਇਲਾਕੇ ਵਿਚ ਇੱਕਲੇ ਸਨ ਤੇ ਫਿਰ ਥੋੜ੍ਹਾ ਸਮਾਂ ਇੱਕਠੇ ਰਹਿਣ ਤੋਂ ਬਾਅਦ ਸ਼ਲੈਟਰ ਉੱਥੋਂ ਚਲਾ ਗਿਆ ਪਰ ਉਸ ਦੇ ਜਾਣ ਤੋਂ ਪਹਿਲਾਂ ਹੀ ਟੈੱਸ ਮਰ ਚੁੱਕੀ ਸੀ।
ਪੁਲਿਸ ਨੇ ਕਤਲ ਦੇ ਕਾਰਨਾਂ ਦਾ ਖੁਲਾਸਾ ਤਾਂ ਅਜੇ ਨਹੀਂ ਕੀਤਾ ਪਰ ਗਿਬਸਨ ਨੇ ਆਖਿਆ ਕਿ ਜਾਂਚਕਾਰਾਂ ਦਾ ਮੰਨਣਾ ਹੈ ਕਿ ਟੈੱਸ ਗਲਤ ਸਮੇਂ ਅਤੇ ਗਲਤ ਥਾਂ 'ਤੇ ਹੋਣ ਕਾਰਨ ਮਾਰੀ ਗਈ ਹੋਵੇਗੀ।