
ਲਾਸ ਵੇਗਾਸ, 2 ਅਕਤੂਬਰ : ਆਲੀਸ਼ਾਨ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਲਾਸ ਵੇਗਾਸ ਸ਼ਹਿਰ ਦੇ ਕਸੀਨੋ ਵਿਚ ਚੱਲ ਰਹੇ ਸੰਗੀਤ ਸਮਾਗਮ ਵਿਚ ਹੋਈ ਗੋਲੀਬਾਰੀ ਵਿਚ ਘੱਟੋ ਘੱਟ 50 ਜਣੇ ਮਾਰੇ ਗਏ ਅਤੇ 400 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਘਟਨਾ ਐਤਵਾਰ ਰਾਤ ਕਰੀਬ 10.45 ਵਜੇ ਵਾਪਰੀ। ਗੋਲੀਆਂ ਲਾਗਲੇ ਹੋਟਲ ਦੀ 32ਵੀਂ ਮੰਜ਼ਲ ਤੋਂ ਚਲਾਈਆਂ ਗਈਆਂ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ 64 ਸਾਲ ਦੇ ਸਟੀਫ਼ਨ ਪੈਡੌਕ ਨਾਮਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਸਥਾਨ ਲਾਗਲੇ ਮੈਂਡਲੇ ਬੇਅ ਹੋਟਲ ਦੀ 32ਵੀਂ ਮੰਜ਼ਲ ਵਿਚਲੇ ਅਪਣੇ ਕਮਰੇ 'ਚੋਂ ਹੇਠਾਂ ਓਪਨ ਏਅਰ ਸੰਗੀਤ ਸਮਾਗਮ ਵਾਲੀ ਥਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸ਼ੱਕੀ ਹਮਲਾਵਰ ਸਥਾਨਕ ਨਾਗਰਿਕ ਸੀ ਜਿਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਹਤਿਆ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਿਸੇ ਇਕ ਸ਼ਖ਼ਸ ਨੇ ਨਹੀਂ ਕੀਤਾ। ਡੈਨਲੀ ਨਾਮਕ ਏਸ਼ੀਆਈ ਔਰਤ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਹੜੀ ਹਮਲਾਵਰ ਨਾਲ ਦਿਸੀ ਸੀ। ਆਧੁਨਿਕ ਅਮਰੀਕੀ ਇਤਿਹਾਸ ਵਿਚ ਇਹ ਗੋਲੀਬਾਰੀ ਦੀ ਹੁਣ ਤਕ ਦੀ ਸੱਭ ਤੋਂ ਮਾਰੂ ਘਟਨਾ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ ਹੋਟਲ ਦੀ ਉਪਰਲੀ ਮੰਜ਼ਲ ਤੋਂ ਉਨ੍ਹਾਂ ਨੂੰ ਗੋਲੀਆਂ ਚੱਲਣ ਦੀਆਂ ਆਵਾਜ਼ ਸੁਣੀਆਂ। ਕਸੀਨੋ ਵਿਚ ਸੰਗੀਤ ਉਤਸਵ ਚੱਲ ਰਿਹਾ ਸੀ। ਵੀਡੀਉ ਵਿਚ ਦਿਸ ਰਿਹਾ ਹੈ ਕਿ ਫ਼ੈਸਟੀਵਲ ਵਿਚ ਆਏ ਲੋਕ ਕਿਸ ਤਰ੍ਹਾਂ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਲੀਬਾਰੀ ਦੀਆਂ ਆਵਾਜ਼ਾਂ ਵੀ ਲਗਾਤਾਰ ਸੁਣ ਰਹੀਆਂ ਹਨ। ਕੁੱਝ ਅਧਿਕਾਰੀ ਅਪਣੇ ਵਾਹਨਾਂ ਦੇ ਪਿਛਿਉਂ ਕਾਰਵਾਈ ਕਰ ਰਹੇ ਸਨ ਜਦਕਿ ਹੋਰ ਅਧਿਕਾਰੀ ਰਾਈਫ਼ਲ ਲੈ ਕੇ ਹੋਟਲ ਅਤੇ ਕੈਸੀਨੋ ਅੰਦਰ ਪਹੁੰਚ ਗਏ। ਪ੍ਰਤੱਖਦਰਸ਼ੀਆਂ ਨੇ ਦਸਿਆ ਕਿ ਸਮਾਗਮ ਖ਼ਤਮ ਹੋਣ ਸਮੇਂ ਅਦਾਕਾਰ ਜੇਸਨ ਐਲਡਿਨ ਸਟੇਜ 'ਤੇ ਪੇਸ਼ਕਾਰੀ ਦੇ ਰਹੇ ਸਨ। ਤਦ ਹੀ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਲੋਕ ਬਚਾਅ ਲਈ ਭੱਜਣ ਲੱਗੇ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਅਤੇ ਐਫ਼ਬੀਆਈ ਪੈਡੌਕ ਦੀ ਭੂÎਮਿਕਾ ਦੀ ਜਾਂਚ ਕਰ ਰਹੀ ਹੈ ਤੇ ਹੋਟਲ ਵਿਚ ਜੋ ਕਮਰਾ ਉਸ ਨੇ ਲਿਆ ਹੋਇਆ ਸੀ, ਉਸ ਵਿਚ ਕਈ ਹਥਿਆਰ ਹਨ। ਪੁਲਿਸ ਨੇ ਕਿਹਾ ਕਿ ਪੈਡੌਕ ਨੇ ਪ੍ਰਸਿੱਧ ਲਾਸ ਵੇਗਾਸ ਸਟੀਪ ਵਿਚ ਸਥਿਤ ਵਿਸ਼ਾਲ ਹੋਟਲ ਦੀ 32ਵੀਂ ਮੰਜ਼ਲ ਤੋਂ ਹੇਠਾਂ ਭੀੜ 'ਤੇ ਗੋਲੀਬਾਰੀ ਕੀਤੀ। ਮੈਂਡਲੇ ਬੇਅ ਦੇ ਬਰਾਬਰ ਹੋ ਰਹੇ ਸਮਾਗਮ ਵਿਚ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਅਧਿਕਾਰੀਆਂ ਨੇ ਲਾਸ ਵੇਗਾਸ ਦੇ ਕਈ ਹਿਸਿਆਂ ਨੂੰ ਬੰਦ ਕਰ ਦਿਤਾ।
ਗੋਲੀਬਾਰੀ ਕਾਰਨ ਮੈਕਰਾਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਣ ਵਾਲੇ ਕੁੱਝ ਜਹਾਜ਼ਾਂ ਦੇ ਰਾਹਾਂ ਨੂੰ ਬਦਲ ਦਿਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਰਦਨਾਕ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਗੋਲੀਬਾਰੀ ਦੀ ਪਿਛਲੀ ਸੱਭ ਤੋਂ ਮਾਰੂ ਘਟਨਾ ਜੂਨ 2016 ਵਿਚ ਵਾਪਰੀ ਸੀ ਜਦ ਨਾਈਟ ਕਲੱਬ ਵਿਚ 49 ਜਣਿਆਂ ਦੀ ਮੌਤ ਹੋਈ ਸੀ। (ਏਜੰਸੀ)
ਪ੍ਰਤੱਖ ਦਰਸ਼ੀਆਂ ਨੇ ਅਪਣੇ ਦਰਦਨਾਕ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਰਿਜ਼ਾਰਟ ਅਤੇ ਕਸੀਨੋ ਵਿਚ ਸੰਗੀਤ ਦਾ ਤਿੰਨ ਦਿਨਾ ਫ਼ੈਸਟੀਵਲ ਚਲ ਰਿਹਾ ਸੀ ਜਿਸ ਦਾ ਸੋਮਵਾਰ ਨੂੰ ਆਖ਼ਰੀ ਦਿਨ ਸੀ। ਸਮਾਗਮ ਵਿਚ ਹਜ਼ਾਰਾਂ ਲੋਕ ਮੌਜੂਦ ਸਨ। ਘਟਨਾ ਸਮੇਂ ਮਸ਼ਹੂਰ ਕਲਾਕਾਰ ਐਰਿਕ ਚਰਚ, ਸੈਮ ਹੰਟ ਅਤੇ ਜੇਸਨ ਅਲਡੀਅਨ ਗਾ ਰਹੇ ਸਨ। ਗੋਲੀਬਾਰੀ ਹੁੰਦਿਆਂ ਹੀ ਚਾਰੇ ਪਾਸੇ ਚੀਕ-ਚਿਹਾੜਾ ਅਤੇ ਭਾਜੜ ਮਚ ਗਈ। ਕੁੱਝ ਹੀ ਦੇਰ ਵਿਚ ਖ਼ੂਨ ਨਾਲ ਲੱਥਪੱਥ ਲਾਸ਼ਾਂ ਇਧਰ-ਉਧਰ ਪਈਆਂ ਸਨ। ਪਹਿਲਾਂ ਤਾਂ ਲੋਕਾਂ ਨੇ ਗੋਲੀਬਾਰੀ ਨੂੰ ਆਤਿਸ਼ਬਾਜ਼ੀ ਸਮਝਿਆ ਪਰ ਜਦ ਸੁਰੱਖਿਆ ਮੁਲਾਜ਼ਮ ਨੂੰ ਗੱਲੀ ਵੱਜੀ ਤਾਂ ਭਾਜੜ ਮਚ ਗਈ। ਕਈ ਕਲਾਕਾਰ ਸੁਰੱਖਿਅਤ ਹਨ। ਆਈਐਸਆਈਐਸ ਨੇ ਲਈ ਜ਼ਿੰਮੇਵਾਰੀ
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਖ਼ੁਦ ਨੂੰ ਗੋਲੀ ਮਾਰ ਲਈ। ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਜਥੇਬੰਦੀ ਆਈਐਸਆਈਐਸ ਨੇ ਲਈ ਹੈ। ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਹਮਲਾਵਰ ਨੇ ਅਪਣਾ ਧਰਮ ਬਦਲ ਕੇ ਇਸਲਾਮ ਅਪਣਾਇਆ ਸੀ। 64 ਸਾਲ ਦਾ ਸਟੀਫ਼ਨ ਨੇਵ ਦਾ ਰਹਿਣ ਵਾਲਾ ਹੈ। ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਇਹ ਹਮਲਾ ਕਰਵਾਇਆ ਹੈ। ਪੁਲਿਸ ਮੁਤਾਬਕ ਜਦ ਪੁਲਿਸ ਹੋਟਲ ਦੇ ਰੂਮ ਵਿਚ ਦਾਖ਼ਲ ਹੋਣ ਲੱਗੀ ਤਾਂ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ।