
ਲੰਡਨ : ਲੀਸੇਸਟਰ ਵਿਚ ਐਤਵਾਰ ਨੂੰ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਕਤਲੇਆਮ ਦੇ ਸ਼ੱਕ ਵਿਚ ਬੁੱਧਵਾਰ ਨੂੰ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਕ ਸਮਾਚਾਰ ਏਜੰਸੀ ਨੇ ਲੀਸੇਸਟਰ ਪੁਲਿਸ ਦੇ ਹਵਾਲੇ ਤੋਂ ਕਿਹਾ ਕਿ 30 ਸਾਲ ਦੀ ਉਮਰ ਦੇ ਇਹ 3 ਸ਼ੱਕੀ ਪੂਰਬੀ ਅੰਜੇਲਾ, ਉਤਰ-ਪੱਛਮੀ ਅਤੇ ਪੂਰਬੀ ਮਿਡਲੈਂਡ ਦੇ ਰਹਿਣ ਵਾਲੇ ਹਨ। ਪੁਲਿਸ ਨੇ ਕਿਹਾ ਕਿ ਖੁਫੀਆ ਵਿਭਾਗ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ, 'ਹਾਲਾਂਕਿ ਅਸੀਂ ਇਸ ਸਮੇਂ ਅੱਗੇ ਦੇ ਵੇਰਵੇ ਨੂੰ ਉਜਾਗਰ ਨਹੀਂ ਕਰ ਸਕਦੇ। ਅਸੀਂ ਦੇਖਿਆ ਹੈ ਕਿ ਐਤਵਾਰ ਰਾਤ ਨੂੰ ਹੋਈ ਘਟਨਾ ਦੇ ਅੱਤਵਾਦੀ ਕਾਰਵਾਈ ਹੋਣ ਦੇ ਸੰਦਰਭ ਵਿਚ ਕੋਈ ਸਬੂਤ ਨਹੀਂ ਮਿਲਿਆ ਹੈ।'
ਜ਼ਿਕਰੇਯੋਗ ਹੈ ਕਿ ਬੀਤੇ ਐਤਵਾਰ ਦੀ ਰਾਤ ਨੂੰ ਇੰਗਲੈਂਡ ਦੇ ਲੀਸੇਸਟਰ ਸ਼ਹਿਰ ਵਿਚ ਇਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਮੁਤਾਬਕ ਇਸ ਘਟਨਾ ਵਿਚ ਇਕ ਦੁਕਾਨ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ ਇਕ ਬਿਲਡਿੰਗ ਪੂਰੀ ਤਰ੍ਹਾਂ ਨਾਲ ਢਹਿ ਗਈ। ਪੁਲਿਸ ਨੇ ਇਸ ਨੂੰ ਵੱਡੀ ਘਟਨਾ ਕਰਾਰ ਦਿੱਤਾ ਹੈ।
ਲੀਸੇਸਟਰ ਫਾਇਰ ਐਂਡ ਰੈਸਕਿਊ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ 7:03 ਵਜੇ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ, ਕਿ ਹਿੰਕਲੇ ਰੋਡ 'ਤੇ ਇਕ ਧਮਾਕਾ ਹੋ ਗਿਆ ਹੈ, ਜਿਸ ਤੋਂ ਬਾਅਦ ਮੌਕੇ 'ਤੇ ਤੁਰੰਤ 6 ਅੱਗ ਬੁਝਾਉਣ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਅਤੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਗਈ। ਉਥੇ ਹੀ ਹਿੰਕਲੇ ਰੋਡ 'ਤੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਨ੍ਹਾਂ ਦੇ ਘਰ ਹਿੱਲਣ ਲੱਗੇ ਸਨ।