
ਕਾਹਿਰਾ, 24 ਨਵੰਬਰ: ਮਿਸਰ ਦੇ ਅਸ਼ਾਂਤ ਉੱਤਰੀ ਸਿਨਾਈ 'ਚ ਅੱਜ ਜੁੰਮੇ ਦੀ ਨਮਾਜ਼ ਦੌਰਾਨ ਇਕ ਮਸਜਿਦ ਉਤੇ ਹੋਏ ਸ਼ੱਕੀ ਅਤਿਵਾਦੀ ਹਮਲੇ 'ਚ ਘੱਟ ਤੋਂ ਘੱਟ 235 ਲੋਕਾਂ ਦੀ ਮੌਤ ਹੋ ਗਈ ਅਤੇ 109 ਹੋਰ ਜ਼ਖ਼ਮੀ ਹੋ ਗਏ।
ਸੂਤਰਾਂ ਨੇ ਕਿਹਾ ਕਿ ਅਲਆਰਿਸ਼ ਸ਼ਹਿਰ ਦੇ ਅਲ ਰੌਦਾ ਮਸਜਿਦ ਨੇੜੇ ਇਹ ਬੰਬ ਰਖਿਆ ਗਿਆ ਸੀ ਜੋ ਨਮਾਜ਼ ਦੌਰਾਨ ਫੱਟ ਗਿਆ। ਇਸ ਤੋਂ ਬਾਅਦ ਚਾਰ ਗੱਡੀਆਂ 'ਚ ਸਵਾਰ ਬੰਦੂਕਧਾਰੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਉਤੇ ਗੋਲੀਆਂ ਵੀ ਚਲਾਈਆਂ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਲਗਭਗ 50 ਐਂਬੂਲੈਂਸਾਂ ਨੂੰ ਮੌਕੇ ਉਤੇ ਭੇਜਿਆ ਗਿਆ। ਧਮਾਕੇ ਨਾਲ ਮਸਜਿਦ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਸਜਿਦ 'ਚ ਸੂਫ਼ੀ ਵਿਚਾਰ ਨੂੰ ਮੰਨਣ ਵਾਲੇ ਲੋਕ ਆਉਂਦੇ ਹਨ। ਮਿਸਰ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਖ਼ਾਲਿਦ ਮੁਜਾਹਿਦ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿਤਾ ਹੈ। ਅਜੇ ਤਕ ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਕ ਰੀਪੋਰਟ 'ਚ ਕਿਹਾ ਗਿਆ ਹੈ ਕਿ ਅਜਿਹਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਸੁਰੱਖਿਆ ਦਸਤਿਆਂ ਦੇ ਹਮਾਇਤੀ ਹਨ।
ਮਿਸਰ ਦੀ ਸਰਕਾਰ ਨੇ ਤਿੰਨ ਦਿਨਾਂ ਤੇ ਕੌਮੀ ਸੋਗ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਅਬਦੁਲ ਫ਼ਤਹਿ ਅਲ ਸੀਸੀ ਇਸ ਘਟਨਾ ਬਾਰੇ ਚਰਚਾ ਲਈ ਅਧਿਕਾਰੀਆਂ ਨਾਲ ਬੈਠਕ ਕਰਨਗੇ।ਮਿਸਰ ਦੇ ਉੱਤਰੀ ਸਿਨਾਈ 'ਚ ਜਨਵਰੀ, 2011 ਦੀ ਕ੍ਰਾਤੀ ਤੋਂ ਬਾਅਦ ਤੋਂ ਹੀ ਕਈ ਹਿੰਸਕ ਹਮਲੇ ਹੋਏ ਹਨ। ਜਨਵਰੀ, 2011 'ਚ ਹੋਈ ਕ੍ਰਾਂਤੀ ਤੋਂ ਰਾਸ਼ਟਰਪਤੀ ਹੁਸਨੀ ਮੁਬਾਰਕ ਦੀ ਸੱਤਾ ਚਲੀ ਗਈ ਸੀ। ਸਾਲ 2013 'ਚ ਮੁਹੰਮਦ ਮੁਰਸੀ ਨੂੰ ਰਾਸ਼ਟਰਪਤੀ ਅਹੁਦੇ ਤੋਂ ਛੱਡੇ ਜਾਣ ਤੋਂ ਬਾਅਦ ਉੱਤਰੀ ਸਿਨਾਈ 'ਚ ਹਮਲਾਵਰਾਂ ਨੇ ਪੁਲਿਸ ਅਤੇ ਫ਼ੌਜ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਬਾਅਦ ਤੋਂ 700 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਮਿਸਰ 'ਚ ਇਸ ਸਾਲ ਕਈ ਅਤਿਵਾਦੀ ਹਮਲੇ ਹੋਏ ਹਨ। ਬੀਤੀ 26 ਮਈ ਨੂੰ ਮਿਸਰ ਦੇ ਮੱਧ ਖੇਤਰ 'ਚ ਈਸਾਈ ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਉਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ ਸੀ ਜਿਸ 'ਚ ਘੱਟ ਤੋਂ ਘੱਟ 28 ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖ਼ਮੀ ਹੋ ਗਏ। ਅਲੈਗਜ਼ਾਂਡਰੀਆ ਅਤੇ ਟਾਂਟਾ 'ਚ ਗਿਰਜਾ ਘਰਾਂ ਨੂੰ ਨਿਸ਼ਾਨਾ ਬਣਾ ਕੇ ਬੀਤੇ 9 ਅਪ੍ਰੈਲ ਨੂੰ ਦੋ ਆਤਮਘਾਤੀ ਹਮਲੇ ਹੋਏ ਸਨ ਜਿਨ੍ਹਾਂ 'ਚ 46 ਲੋਕ ਮਾਰੇ ਗਏ ਸਨ। (ਪੀਟੀਆਈ)