
ਆਬੂਜਾ : ਨਾਈਜੀਰੀਆ ਸਰਕਾਰ ਨੇ ਪੂਰਬੀ-ਉੱਤਰੀ ਸਥਿਤ ਇਕ ਸਕੂਲ ਵਿਚ ਬੋਕੋ ਹਰਾਮ ਦੇ ਹਮਲੇ ਮਗਰੋਂ ਆਪਣੀ ਚੁੱਪੀ ਤੋੜਦੇ ਹੋਏ ਸੋਮਵਾਰ ਨੂੰ 100 ਤੋਂ ਵੱਧ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਸੂਚਨਾ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਸੰਘੀ ਸਰਕਾਰ ਨੇ ਯੋਬੇ ਸੂਬੇ ਦੇ ਦਪਾਚੀ ਸਥਿਤ 'ਸਰਕਾਰੀ ਗਰਲਜ਼ ਟੈਕਨੀਕਲ ਕਾਲਜ' ਦੀਆਂ 110 ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ ਸਕੂਲ 'ਤੇ ਹਮਲੇ ਦੇ ਬਾਅਦ ਉਨ੍ਹਾਂ ਵਿਦਿਆਰਥਣਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਸਮਝਿਆ ਜਾਂਦਾ ਹੈ ਕਿ ਇਹ ਹਮਲਾ ਬੋਕੋ ਹਰਾਮ ਦੇ ਇਕ ਸਮੂਹ ਦੇ ਅੱਤਵਾਦੀਆਂ ਨੇ ਕੀਤਾ।'' ਮੰਤਰਾਲੇ ਨੇ ਕਿਹਾ ਕਿ ਅਧਿਕਾਰੀਆਂ ਦੇ ਕੁੱਲ 906 ਵਿਦਿਆਰਥੀਆਂ ਵਿਚੋਂ 110 ਦੀ ਜਾਣਕਾਰੀ ਮੁਹੱਈਆ ਕਰਾਉਣ ਵਿਚ ਅਸਫਲ ਹੋਣ ਮਗਰੋਂ ਇਹ ਬਿਆਨ ਜਾਰੀ ਕੀਤਾ। ਵਿਦਿਆਰਥਣਾਂ ਦੇ ਅਗਵਾ ਹੋਣ ਕਾਰਨ ਫੌਜ ਦੇ ਉਨ੍ਹਾਂ ਦਾਅਵਿਆਂ 'ਤੇ ਇਕ ਵਾਰੀ ਫਿਰ ਸਵਾਲ ਖੜ੍ਹਾ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਇਸਲਾਮੀ ਅੱਤਵਾਦੀਆਂ ਦੇ ਹਾਰ ਦੇ ਕੰਢੇ ਹੋਣ ਦੀ ਗੱਲ ਕਹੀ ਸੀ। ਨਾਈਜੀਰੀਆ ਵਿਚ ਸਰਕਾਰ ਅਤੇ ਬੋਕੋ ਹਰਾਮ ਵਿਚਕਾਰ ਬੀਤੇ 9 ਸਾਲਾਂ ਤੋਂ ਲੜਾਈ ਜਾਰੀ ਹੈ।
ਬੋਕੋ ਹਰਾਮ ਅੱਤਵਾਦੀਆਂ ਨੇ ਅਪ੍ਰੈਲ 2014 ਵਿਚ ਚਿਬੋਕ ਤੋਂ ਕਰੀਬ 300 ਲੜਕੀਆਂ ਨੂੰ ਅਗਵਾਹ ਕਰ ਲਿਆ ਸੀ। ਬਾਅਦ ਵਿਚ ਦੱਸਿਆ ਜਾਂਦਾ ਹੈ ਕਿ ਗੱਲਬਾਤ ਦੇ ਬਾਅਦ ਉਨ੍ਹਾਂ ਵਿਚੋਂ ਕਈ ਲੜਕੀਆਂ ਨੂੰ ਅਜ਼ਾਦ ਕਰਾਇਆ ਗਿਆ ਸੀ ਪਰ 100 ਤੋਂ ਜਿਆਦਾ ਹੁਣ ਵੀ ਉਨ੍ਹਾਂ ਦੇ ਕਬਜੇ ਵਿਚ ਹਨ।
ਬੋਕੋ ਹਰਾਮ ਅੱਤਵਾਦੀ ਸਮੂਹ ਦੀ ਸ਼ੁਰੂਆਤ 2009 ਵਿਚ ਹੋਈ ਸੀ, ਜਦੋਂ ਉਨ੍ਹਾਂ ਨੇ ਨਾਈਜੀਰਿਆ ਦੀ ਸਰਕਾਰ ਦੇ ਖਿਲਾਫ ਹਥਿਆਰਬੰਦ ਪ੍ਰਦਰਸ਼ਨ ਕੀਤਾ ਸੀ।
ਆਤਮਘਾਤੀ ਹਮਲੇ ਵਿਚ ਹੁਣ ਤੱਕ ਕਰੀਬ 20, 000 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਜਦੋਂ ਕਿ ਘੱਟ ਤੋਂ ਘੱਟ ਦੋ ਮਿਲੀਅਨ ਲੋਕ ਲਾਪਤਾ ਹਨ। ਦੱਸਿਆ ਜਾਂਦਾ ਹੈ ਕਿ ਇਹ ਸਮੂਹ ਕੌਮੇਰਾਨ, ਚਾਡ ਅਤੇ ਨਾਇਜਰ ਦੇ ਗੁਆਂਢੀ ਇਲਾਕਿਆਂ ਵਿਚ ਵੀ ਸਰਗਰਮ ਹਨ।