
ਬਰੈਂਪਟਨ- ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਸਿੱਖ ਨੇਤਾ ਜਗਮੀਤ ਸਿੰਘ ਦਾ ਵਿਆਹ ਫੈਸ਼ਨ ਡਿਜ਼ਾਇਨਰ ਗੁਰਕਿਰਨ ਕੌਰ ਨਾਲ 23 ਫਰਵਰੀ 2018 ਨੂੰ ਹੋਇਆ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਗਮੀਤ ਦੇ ਵਿਆਹ 'ਤੇ ਪੰਜਾਬੀ ਗਾਇਕ ਜੈਜ਼ੀ ਬੀ ਵੱਲੋਂ ਗਾਇਆ ਗੀਤ 'ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ' ਕੈਨੇਡਾ ਦੇ ਰਾਜਨੀਤਕ ਹਲਕਿਆਂ 'ਚ ਚਰਚਾ 'ਚ ਹੈ।
ਅਗਲੇ ਸਾਲ ਕੈਨੇਡਾ 'ਚ ਫੈਡਰਲ ਚੋਣਾਂ ਹੋਣ ਵਾਲੀਆਂ ਹਨ ਅਤੇ ਜਗਮੀਤ ਸਿੰਘ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ। ਫੈਡਰਲ ਚੋਣਾਂ ਦੇ ਮੱਦੇਨਜ਼ਰ ਇਸ ਗੀਤ ਦਾ ਅਰਥ ਇਹ ਹੀ ਕੱਢਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੀ ਚੜ੍ਹਤ ਨੂੰ ਹੁਣ ਕੌਣ ਰੋਕੇਗਾ।
ਕੈਨੇਡਾ 'ਚ 7 ਤੋਂ 8 ਲੱਖ ਪੰਜਾਬੀ 60 ਸੀਟਾਂ ਨੂੰ ਕਰਨਗੇ ਪ੍ਰਭਾਵਿਤ
ਕੈਨੇਡਾ 'ਚ ਅਗਲੇ ਸਾਲ ਫੈਡਰਲ ਚੋਣਾਂ ਹੋਣੀਆਂ ਹਨ ਜਿਸ 'ਚ ਲਿਬਰਲ ਪਾਰਟੀ, ਐੱਨ.ਡੀ.ਪੀ. ਅਤੇ ਕੰਜ਼ਰਵੇਟਿਵ ਪਾਰਟੀ 'ਚ ਸਿੱਧੀ ਟੱਕਰ ਹੋਵੇਗੀ। ਕੈਨੇਡਾ 'ਚ ਲਗਭਗ 7 ਤੋਂ 8 ਲੱਖ ਪੰਜਾਬੀ ਰਹਿੰਦੇ ਹਨ ਅਤੇ 338 ਫੈਡਰਲ ਸੀਟਾਂ 'ਚੋਂ 50 ਤੋਂ 60 ਸੀਟਾਂ 'ਤੇ ਪੰਜਾਬੀ ਵੋਟਰ ਜਿੱਤ ਅਤੇ ਹਾਰ ਦਾ ਫੈਸਲਾ ਕਰਦੇ ਹਨ।
ਪਿਛਲੀਆਂ ਚੋਣਾਂ 'ਚ ਪੰਜਾਬੀਆਂ ਨੇ ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਨੂੰ ਸਮਰਥਨ ਦੇ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਪਰ ਇਸ ਵਾਰ ਟਰੂਡੋ ਦੀ ਵੋਟ ਬੈਂਕ 'ਚੋਂ ਕਈ ਵੋਟਾਂ ਜਗਮੀਤ ਸਿੰਘ ਦੇ ਖਾਤੇ ਵੀ ਜਾ ਸਕਦੀਆਂ ਹਨ। ਜਗਮੀਤ ਦੀ ਪੰਜਾਬੀਆਂ 'ਚ ਚੰਗੀ ਪਛਾਣ ਹੈ। ਇਸ ਦੇ ਨਾਲ ਹੀ ਗੋਰਿਆਂ 'ਚ ਉਨ੍ਹਾਂ ਪ੍ਰਤੀ ਵਿਸ਼ਵਾਸ ਬਣ ਰਿਹਾ ਹੈ। ਜੇਕਰ ਨਿਊ ਡੈਮੋਕ੍ਰੇਟਿਕ ਪਾਰਟੀ ਬਹੁਮਤ ਪ੍ਰਾਪਤ ਕਰ ਲੈਂਦੀ ਹੈ ਤਾਂ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ।
ਟਰੂਡੋ ਤੇ ਜਗਮੀਤ ਦੋਹਾਂ ਨੂੰ ਮਿਲਦੈ ਸਿੱਖਾਂ ਦਾ ਸਾਥ
ਤੁਹਾਨੂੰ ਦੱਸ ਦਈਏ ਕਿ 17 ਤੋਂ 24 ਫਰਵਰੀ ਤਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ 'ਤੇ ਆਏ ਸਨ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਸਭ ਤੋਂ ਵਧ ਖਾਸ ਮੰਨਿਆ ਜਾ ਰਿਹਾ ਹੈ। ਇਸ ਦੌਰੇ ਨਾਲ ਟਰੂਡੋ ਕੈਨੇਡਾ 'ਚ ਪੰਜਾਬੀਆਂ 'ਚ ਆਪਣੀ ਚੰਗਾ ਅਕਸ ਬਣਾਉਣ 'ਚ ਕਾਫੀ ਸਫਲ ਰਹੇ ਹਨ ਪਰ ਹੁਣ ਟਰੂਡੋ ਦੀ ਚਿੰਤਾ ਹੈ ਕਿ ਜਗਮੀਤ ਸਿੰਘ ਉਨ੍ਹਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦੋਹਾਂ ਨੇਤਾਵਾਂ ਨੂੰ ਕੈਨੇਡਾ 'ਚ ਸਿੱਖਾਂ ਦਾ ਸਾਥ ਮਿਲਦਾ ਹੈ। ਇਸ ਲਈ 2019 ਦੀਆਂ ਵੋਟਾਂ ਬਹੁਤ ਦਿਲਚਸਪ ਹੋਣ ਵਾਲੀਆਂ ਹਨ।