
ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਦੇ ਇਕ ਹਸਪਤਾਲ 'ਚ ਗੋਲੀਬਾਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ 'ਚ ਇਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਦੀ ਜਾਂਚ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ 70 ਸਾਲਾ ਵਿਅਕਤੀ ਅਤੇ ਉਸ ਦੀ 76 ਸਾਲਾ ਪਤਨੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਔਰਤ ਦੇ ਸਿਰ 'ਚ ਗੋਲੀ ਵੱਜੀ ਸੀ। ਸ਼ੁੱਕਰਵਾਰ ਰਾਤ 11 ਵਜੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਕ ਹੋਰ ਮਰੀਜ਼ ਔਰਤ ਨੇ ਦੱਸਿਆ ਕਿ ਉਹ ਡਿਸਕ ਦੀ ਸਮੱਸਿਆ ਕਾਰਨ ਇਲਾਜ ਕਰਵਾਉਣ ਹਸਪਤਾਲ ਆਈ ਸੀ ਅਤੇ ਇਸੇ ਦੌਰਾਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਉਸ ਨੂੰ ਲੱਗਾ ਕਿ ਨਰਸ ਨੇ ਜ਼ੋਰ ਨਾਲ ਮੇਜ਼ 'ਤੇ ਕੁੱਝ ਸੁੱਟਿਆ ਹੈ ਪਰ ਬਾਅਦ 'ਚ ਲੋਕਾਂ ਦੀਆਂ ਚੀਕਾਂ ਸੁਣਾਈ ਦਿੱਤੀਆਂ। ਕੁੱਝ ਲੋਕਾਂ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਕਮਰਿਆਂ 'ਚ ਲੁਕ ਗਏ। ਉਨ੍ਹਾਂ ਨੂੰ ਲੱਗਦਾ ਸੀ ਕਿ ਕਿਸੇ ਵੀ ਪਲ ਕੋਈ ਅੰਦਰ ਆ ਕੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ੍ਹ ਦੇਵੇਗਾ।
ਫਿਲਹਾਲ ਹਸਪਤਾਲ ਨੇ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰ ਤੱਕ ਹਸਪਤਾਲ 'ਚ ਜਾਂਚ ਅਧਿਕਾਰੀ ਘੁੰਮ ਰਹੇ ਸਨ। ਹਰ ਕੋਈ ਇਸ ਘਟਨਾ ਨਾਲ ਡਰ ਗਿਆ ਹੈ। ਹਸਪਤਾਲ ਦੇ ਚੀਫ ਮੁਕੇਸ਼ ਭਾਰਗਵ ਨੇ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੇ ਸਨ ਕਿ ਹਸਪਤਾਲ 'ਚ ਕਦੇ ਅਜਿਹਾ ਹੋ ਸਕਦਾ ਹੈ।
ਜਿੱਥੇ ਲੋਕ ਇਲਾਜ ਕਰਵਾਉਣ ਆਉਂਦੇ ਹਨ, ਉੱਥੇ ਗੋਲੀਆਂ ਚੱਲਣੀਆਂ ਬਹੁਤ ਗਲਤ ਗੱਲ ਹੈ। ਪੂਰੀ ਜਾਂਚ ਮਗਰੋਂ ਹੀ ਪੁਲਿਸ ਇਸ ਸੰਬੰਧੀ ਜਾਣਕਾਰੀ ਸਾਂਝੀ ਕਰੇਗੀ।