
ਸਿਡਨੀ : ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਦੇਸ਼ ਪਾਪੁਆ ਨਿਊ ਗਿਨੀ ਦੇ ਦੱਖਣੀ ਪਹਾੜੀ ਇਲਾਕੇ 'ਚ ਮੰਗਲਵਾਰ ਨੂੰ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ 'ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ। ਹੇਲਾ ਸੂਬੇ ਦੇ ਪ੍ਰਸ਼ਾਸਕ ਵਿਲੀਅਮ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਨੂੰ ਮਹਿਸੂਸ ਕੀਤੇ ਗਏ।
ਉਨ੍ਹਾਂ ਨੇ ਕਿਹਾ,''ਮੈਨੂੰ ਹੁਣੇ ਹੀ ਸੂਚਨਾ ਮਿਲੀ ਹੈ ਕਿ ਕੱਲ ਆਏ ਭੂਚਾਲ 'ਚ 18 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਈਡਰਜ਼ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ। ਅਜੇ ਤਕ ਜ਼ਖਮੀਆਂ ਦੀ ਕੁੱਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਹ ਵੱਡਾ ਪਿੰਡ ਸੀ, ਜਿੱਥੇ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ।''
ਜ਼ਿਕਰੇਯੋਗ ਹੈ ਕਿ 9 ਦਿਨ ਪਹਿਲਾਂ ਇਸੇ ਇਲਾਕੇ 'ਚ ਆਏ ਭੂਚਾਲ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਭੂਚਾਲ ਦੇ ਕਾਰਣ ਕਈ ਪਿੰਡ ਤਬਾਹ ਅਤੇ ਬਰਬਾਦ ਹੋ ਗਏ। ਭੂਚਾਲ ਦੇ ਕਾਰਣ ਜ਼ਮੀਨ ਖਿਸਕਣ ਅਤੇ ਕਈ ਇਮਾਰਤਾਂ ਦੇ ਢਹਿ ਜਾਣ ਦੇ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਵੀ ਬੰਦ ਹੋ ਗਈ ਸੀ। ਪਿਛਲੀ 26 ਜਨਵਰੀ ਨੂੰ ਆਏ ਇਸ ਤੋਂ ਪਹਿਲਾਂ ਭੂਚਾਲ ਦੇ ਨੁਕਸਾਨ ਦੀ ਜਾਂਚ ਕਰਨ ਲਈ ਅਧਿਕਾਰੀਆਂ ਅਤੇ ਸਹਾਇਤਾ ਕਰਮਚਾਰੀਆਂ ਨੂੰ ਉਥੇ ਪੁੱਜਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਉਹ ਪੀੜਤ ਸਥਾਨਕ ਲੋਕਾਂ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ 'ਚ ਜੁਟੇ ਹੋਏ ਹਨ। ਭੂਚਾਲ ਦੇ ਝਟਕਿਆਂ ਕਾਰਣ ਸੜਕਾਂ, ਹਵਾਈ ਪੱਟੀਆਂ ਅਤੇ ਫੋਨ ਆਦਿ ਖਰਾਬ ਹੋ ਗਏ ਹਨ। ਅਧਿਕਾਰੀਆਂ ਵੱਲੋਂ 150,000 ਤੋਂ ਵਧੇਰੇ ਜ਼ਰੂਰਤਮੰਦ ਲੋਕਾਂ ਤਕ ਜ਼ਰੂਰਤ ਦਾ ਸਾਮਾਨ ਭੇਜਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।