
ਬੈਂਗਲੁਰੂ — ਪੁਲਸ ਨੇ ਇਕ ਬਿਜ਼ਨੈੱਸਮੈਨ ਦੇ ਨਾਲ 9.96 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਈ-ਕਾਮਰਸ ਕੰਪਨੀ ਫਲਿਪਕਾਰਟ ਦੇ ਫਾਊਂਡਰ ਅਤੇ ਕੰਪਨੀ ਦੇ ਕੁਝ ਹੋਰ ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਇੰਦਰਾ ਨਗਰ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਲੈਪਟਾਪ ਦੀ ਸਪਲਾਈ ਦੇ ਬਦਲੇ ਫਲਿਪਕਾਰਟ ਵੱਲੋਂ ਸੀ-ਸਟੋਰ ਕੰਪਨੀ ਨੂੰ ਬਕਾਏ ਦਾ ਭੁਗਤਾਨ ਨਹੀਂ ਕਰਨ ਨਾਲ ਜੁੜਿਆ ਹੈ।
ਉਨ੍ਹਾਂ ਕਿਹਾ ਕਿ ਸੀ-ਸਟੋਰ ਕੰਪਨੀ ਨੇ ਨਵੀਨ ਕੁਮਾਰ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਫਲਿਪਕਾਰਟ ਦੇ ਸਚਿਨ ਬੰਸਲ, ਬਿਨੀ ਬੰਸਲ ਅਤੇ ਕੰਪਨੀ ਦੇ 2 ਹੋਰ ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਪੁਲਸ ਨੇ ਕਿਹਾ ਕਿ ਸ਼ਿਕਾਇਤ ਮੁਤਾਬਕ ਸੀ-ਸਟੋਰ ਦਾ ਹੋਰ ਇਲੈਕਟ੍ਰਾਨਿਕ ਗੁੱਡਜ਼ ਸਮੇਤ ਲੈਪਟਾਪ ਦੀ ਵਿਕਰੀ ਲਈ ਫਲਿਪਕਾਰਟ ਦੇ ਨਾਲ ਕੰਟਰੈਕਟ ਸੀ ਅਤੇ ਉਸ ਨੇ ਲਗਭਗ 14 ਹਜ਼ਾਰ ਲੈਪਟਾਪ ਦੀ ਸਪਲਾਈ ਕੀਤੀ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ 1,480 ਯੂਨਿਟਸ ਵਾਪਸ ਕਰ ਦਿੱਤੇ, ਜਦਕਿ ਬਾਕੀ ਦੀ ਕੋਈ ਪੈਮੇਂਟ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਸ਼ਿਪਿੰਗ ਸਮੇਤ ਹੋਰ ਖਰਚੇ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ।
ਪੁਲਸ ਨੇ ਕਿਹਾ ਕਿ ਸ਼ਿਕਾਇਤ 'ਚ ਕੰਪਨੀ ਨੇ ਉਸ ਦੇ ਨਾਲ 9.96 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਧੋਖਾਧੜੀ ਸਮੇਤ ਕਈ ਧਾਰਾਵਾਂ 'ਤ ਮੁਕੱਦਮਾ ਦਰਜ ਕੀਤਾ ਗਿਆ ਹੈ। ਸੰਪਰਕ ਕਰਨ 'ਤੇ ਫਲਿਪਕਾਰਟ ਨੇ ਇਸ ਮਾਮਲੇ 'ਚ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।