
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਸਕੂਲ ਵਿਚ ਗੋਲੀਬਾਰੀ ਵਿਚ ਸੁਰੱਖਿਅਤ ਬਚੇ ਵਿਦਿਆਰਥੀਆਂ ਦੇ ਨਾਲ ਬੇਹੱਦ ਭਾਵਨਾਤਮਕ ਗੱਲਬਾਤ ਦੇ ਦੌਰਾਨ ਸਿਖਿਅਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹਥਿਆਰ ਰੱਖਣ ਦਾ ਸੁਝਾਅ ਦਿੱਤਾ। ਨਾਲ ਹੀ ਬੰਦੂਕਾਂ ਰੱਖਣ ਵਾਲਿਆਂ ਦੇ ਪਿਛੋਕੜ ਦੀ ਸਖ਼ਤ ਜਾਂਚ ਕਰਨ ਦੀ ਗੱਲ ਆਖੀ।
ਵਾਈਟ ਹਾਊਸ ਵਿਚ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੇ ਦੌਰਾਨ ਟਰੰਪ ਨੇ ਕਿਹਾ, ‘ਮੈਂ ਤੁਹਾਡਾ ਪੱਖ ਸੁਣਨਾ ਚਾਹੁੰਦਾ ਹਾਂ, ਪਰ ਇਸਤੋਂ ਪਹਿਲਾਂ ਕਿ ਅਸੀਂ ਸ਼ੁਰੂਆਤ ਕਰੀਏ, ਮੈਂ ਤੁਹਾਨੂੰ ਦੱਸ ਦੇਵਾਂ ਕਿ ਹੁਣ ਪਿਛੋਕੜ ਦੀ ਸਖ਼ਤਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਵਿਅਕਤੀ ਦੇ ਮਾਨਸਿਕ ਸਿਹਤ ਉਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।’
ਟਰੰਪ ਨੇ ਇਹ ਵੀ ਸਲਾਹ ਦਿੱਤੀ ਕਿ ਕੁਝ ਸਿਖਿਅਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ ਤਾਂਕਿ ਉਹ ਬੰਦੂਕਧਾਰੀ ਨੂੰ ਰੋਕ ਸਕਣ। ਰਾਸ਼ਟਰਪਤੀ ਨੇ ਕਿਹਾ, ‘ਇਹ ਸਿਰਫ ਉਨ੍ਹਾਂ ਲਈ ਹੋਵੇਗਾ ਜੋ ਬੰਦੂਕ ਚਲਾ ਸਕਣ ਵਿਚ ਸਮਰੱਥਾਵਾਨ ਹਨ।’ ਉਨ੍ਹਾਂ ਨੇ ਕਿਹਾ ਕਿ ਸਿਖਿਅਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਹ ਮੌਜੂਦ ਰਹਿਣਗੇ ਅਤੇ ਹੁਣ ਕੋਈ ‘ਗਨ ਫਰੀ ਜੋਨ’ ਨਹੀਂ ਹੋਵੇਗਾ। ਟਰੰਪ ਨੇ ਸਮਝਾਇਆ ਕਿ ਇੱਥੇ ‘ਗਨ ਫਰੀ ਜੋਨ’ ਦਾ ਮਤਲਬ ਹੈ ‘ਅਜਿਹੀ ਜਗ੍ਹਾ ਜਿੱਥੇ ਤੁਸੀ ਆਸਾਨੀ ਨਾਲ ਬੰਦੂਕ ਦੇ ਨਾਲ ਜਾਕੇ, ਹਮਲਾ ਕਰ ਸਕਦੇ ਹੋ।’