
ਤਾਇਪੇ, 7 ਫ਼ਰਵਰੀ : ਤਾਈਵਾਨ ਦੇ ਪੂਰਬੀ ਹਿੱਸੇ 'ਚ ਮੰਗਲਵਾਰ ਦੇ ਰਾਤ ਤੇਜ਼ ਭੂਚਾਲ ਆਇਆ। ਰੀਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਭੂਚਾਲ ਕਾਰਨ ਕਈ ਇਮਾਰਤਾਂ ਡਿੱਗ ਗਈਆਂ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। 247 ਲੋਕ ਜ਼ਖ਼ਮੀ ਹੋਏ ਹਨ, ਜਦਕਿ 145 ਲੋਕ ਲਾਪਤਾ ਹਨ।ਭੂਚਾਲ ਦਾ ਕੇਂਦਰ ਬੰਦਰਗਾਹ ਸ਼ਹਿਰ ਹੁਲੀਏਨ ਤੋਂ ਪੂਰਬ-ਉੱਤਰ 'ਚ 21 ਕਿਲੋਮੀਟਰ ਦੂਰ 9.5 ਕਿਲੋਮੀਟਰ ਦੀ ਡੁੰਘਾਈ 'ਚ ਸੀ। ਭੂਚਾਲ ਕਾਰਨ ਹੁਲੀਏਨ ਸ਼ਹਿਰ ਦੇ ਮਾਰਸ਼ਲ ਹੋਟਲ ਦੀ 10 ਮੰਜ਼ਲਾ ਇਮਾਰਤ ਦੀ ਸੱਭ ਤੋਂ ਹੇਠਲੀ ਮੰਜ਼ਲ ਡਿੱਗ ਗਈ ਅਤੇ ਬਾਕੀ ਦੀ ਇਮਾਰਤ ਲਟਕ ਗਈ ਹੈ। ਮੀਡੀਆ ਏਜੰਸੀ ਮੁਤਾਬਕ ਇਸ ਦੇ ਮਲਬੇ 'ਚ 30 ਲੋਕ ਫਸੇ ਹਨ। ਇਥੋਂ ਹੀ ਸੁਰਖਿਅਤ ਮਿਲੇ ਇਕ ਵਰਕਰ ਸ਼ੇਨ ਮਿੰਗ ਹੂਈ ਨੇ ਕਿਹਾ, ''ਪਹਿਲਾਂ ਤਾਂ ਲੱਗਾ ਸੀ ਕਿ ਇਹ ਭੂਚਾਲ ਦੇ ਹਲਕੇ ਝਟਕੇ ਹਨ ਪਰ ਮਿੰਟਾਂ 'ਚ ਹੀ ਸਭ ਤਹਿਸ-ਨਹਿਸ ਹੋਣ ਲੱਗ ਗਿਆ।
ਜਦੋਂ ਮੈਂ ਸੁਰਖਿਅਤ ਬਚਿਆ ਤਾਂ ਮੈਨੂੰ ਅਪਣੇ ਪਰਵਾਰ ਦੀ ਚਿੰਤਾ ਹੋਣ ਲਗੀ। ਅਪਣੇ ਪੁੱਤ ਅਤੇ ਪੋਤੇ ਨੂੰ ਮਿਲ ਕੇ ਸੁੱਖ ਦਾ ਸਾਹ ਮਿਲਿਆ।''ਜ਼ਿਕਰਯੋਗ ਹੈ ਕਿ ਤਾਇਵਾਨ ਦੇ ਤਟੀ ਸ਼ਹਿਰ ਹੁਲੀਏਨ ਦੀ ਆਬਾਦੀ 1 ਲੱਖ ਦੇ ਕਰੀਬ ਹੈ। ਭੂਚਾਲ ਕਾਰਨ 40 ਹਜ਼ਾਰ ਘਰਾਂ 'ਚ ਪਾਣੀ ਅਤੇ 600 ਘਰਾਂ 'ਚ ਬਿਜਲੀ ਦੀ ਸਪਲਾਈ ਬੰਦ ਹੈ। ਰਾਸ਼ਟਰਪਤੀ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਕੈਬਨਿਟ ਅਤੇ ਸਬੰਧਤ ਮੰਤਰਾਲਿਆਂ ਨੂੰ ਐਮਰਜੈਂਸੀ ਰਾਹਤ ਕਾਰਜ ਤੇਜ਼ ਕਰਨ ਲਈ ਕਿਹਾ ਗਿਆ ਹੈ। ਤੇਜ਼ ਭੂਚਾਲ ਤੋਂ ਬਾਅਦ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ ਪਰ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ 2016 'ਚ ਆਏ ਭੂਚਾਲ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)