
ਗਾਜ਼ਾ ਪੱਟੀ, (ਫ਼ਲਸਤੀਨੀ ਖੇਤਰ), 9 ਦਸੰਬਰ: ਗਾਜ਼ਾ ਪੱਟੀ 'ਚ ਇਜ਼ਰਾਇਲੀ ਹਵਾਈ ਹਮਲੇ 'ਚ ਅੱਜ ਹਮਾਸ ਦੇ ਦੋ ਅਤਿਵਾਦੀ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੀ ਯੇਰੁਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦਿਤੇ ਜਾਣ ਦੇ ਐਲਾਨ ਤੋਂ ਬਾਅਦ ਫ਼ਲਸਤੀਨੀ ਖੇਤਰ 'ਚ ਅਸ਼ਾਂਤੀ ਬਣੀ ਹੋਈ ਹੈ। ਟਰੰਪ ਦੇ ਇਸ ਵਿਵਾਦਤ ਐਲਾਨ ਤੋਂ ਬਾਅਦ ਕੁਲ ਮਿਲਾ ਕੇ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਪਛਮੀ ਤੱਟ 'ਚ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਫ਼ੌਜੀਆਂ 'ਤੇ ਪੱਥਰਬਾਜ਼ੀ ਕੀਤੀ। ਫ਼ੌਜੀਆਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਪਛਮੀ ਤੱਟ, ਗਾਜ਼ਾ ਪੱਟੀ ਅਤੇ ਯੇਰੁਸ਼ਲਮ 'ਚ ਸੰਘਰਸ਼ 'ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਜਾਰਡਨ, ਤੁਰਕੀ, ਪਾਕਿਸਤਾਨ ਅਤੇ ਮਲੇਸ਼ੀਆ ਸਮੇਤ ਕਈ ਮੁਸਲਮਾਨ ਅਤੇ ਅਰਬ ਦੇਸ਼ਾਂ 'ਚ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ।ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੇਰੁਸ਼ਲਮ ਤੋਂ ਝੜਪਾਂ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪਛਮੀ ਏਸ਼ੀਆ 'ਚ ਸ਼ਾਂਤੀ ਅਤੇ ਸੰਜਮ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵਾਇਟ ਹਾਊਸ ਦੇ ਪ੍ਰਧਾਨ ਉਪ ਪ੍ਰੈੱਸ ਸਕੱਤਰ ਰਾਜ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਉਮੀਦ ਹੈ ਕਿ ਸਹਿਣਸ਼ੀਲਤਾ ਦੀ ਅਪੀਲ ਨਫ਼ਰਤ ਫੈਲਾਉਣ ਵਾਲਿਆਂ ਦੀਆਂ ਆਵਾਜ਼ਾਂ 'ਤੇ ਹਾਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਜ਼ਰਾਇਲ ਅਤੇ ਫ਼ਲਸਤੀਨ ਵਿਚਕਾਰ ਸ਼ਾਂਤੀ ਸਮਝੌਤੇ ਨੂੰ
ਅੰਜਾਮ ਤਕ ਪਹੁੰਚਾਉਣ ਲਈ ਰਾਸ਼ਟਰਪਤੀ ਵਚਨਬੱਧ ਹਨ। ਉਨ੍ਹਾਂ ਯੇਰੁਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਨੂੰ ਵੀ ਸਹੀ ਠਹਿਰਾਇਆ। ਦੂਜੇ ਪਾਸੇ ਅਸਰਦਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਅੱਜ ਅਮਰੀਕਾ ਅਲੱਗ ਥਲੱਗ ਪੈ ਗਿਆ। ਮੈਂਬਰਾਂ ਦੇਸ਼ ਟਰੰਪ ਦੇ ਫ਼ੈਸਲੇ 'ਤੇ ਅਮਰੀਕਾ ਤੋਂ ਦੂਰ ਹੋ ਗਏ ਹਨ। ਇਥੋਂ ਤਕ ਕਿ ਬਰਤਾਨੀਆ ਅਤੇ ਫ਼ਰਾਂਸ ਵਰਗੇ ਅਮਰੀਕਾ ਦੇ ਕਰੀਬੀ ਸਹਿਯੋਗੀਆਂ ਨੇ ਵੀ ਇਸ ਫ਼ੈਸਲੇ ਲਈ ਅਮਰੀਕਾ ਨੂੰ ਖੁੱਲ੍ਹੇਆਮ ਫ਼ਟਕਾਰ ਲਾਈ ਹੈ। ਸੁਰੱਖਿਆ ਕੌਂਸਲ ਦੀ 15 ਮੈਂਬਰੀ ਸੰਸਥਾ ਦੀ ਹੰਗਾਮੀ ਬੈਠਕ 'ਚ ਸਿਰਫ਼ ਅਮਰੀਕੀ ਰਾਜਦੂਤ ਨਿਕੀ ਹੈਲੀ ਨੇ ਹੀ ਯੇਰੁਸ਼ਲਮ 'ਤੇ ਟਰੰਪ ਦੇ ਫ਼ੈਸਲੇ ਦੀ ਹਮਾਇਤ ਕੀਤੀ।ਤੁਰਕੀ ਦੇ ਆਗੂ ਰਜਬ ਤਈਅਦ ਏਰੋਦਆਨ ਮੁਸਲਮਾਨ ਦੇਸ਼ਾਂ ਨੂੰ ਇਕ ਸੁਰ 'ਚ ਅਪਣੀ ਪ੍ਰਤੀਕਿਰਿਆ ਦੇਣ ਲਈ ਇਕਜੁਟ ਕਰਨ ਦੀ ਕੋਸ਼ਿਸ਼ 'ਚ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਆਮ ਤੌਰ 'ਤੇ ਅਸੰਗਠਤ ਰਹਿਣ ਵਾਲੇ ਮੁਸਲਮਾਨ ਦੇਸ਼ਾਂ ਨੂੰ ਉਹ ਇਕ ਮੰਚ 'ਤੇ ਲਿਆ ਸਕਣਗੇ ਜਾਂ ਨਹੀਂ। (ਪੀਟੀਆਈ)