
ਅਮਰੀਕਾ ਦੇ ਜੈਕਸਨ ਸਿਟੀ ਤੋਂ ਇੱਕ ਪੰਜਾਬੀ ਨੌਜਵਾਨ ਦੇ ਕਤਲ ਦੀ ਖ਼ਬਰ ਨੇ ਵਿਦੇਸ਼ੀ ਧਰਤੀ 'ਤੇ ਹੋ ਰਹੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਵੀ ਕੀਤਾ ਹੈ ਅਤੇ ਇਸ ਮਸਲੇ ਵੱਲ ਮੁਡ਼ ਧਿਆਨ ਵੀ ਖਿੱਚਿਆ ਹੈ। ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਮ੍ਰਿਤਕ ਸੰਦੀਪ ਸਿੰਘ ਜਲੰਧਰ ਦਾ ਰਹਿਣ ਵਾਲਾ ਸੀ ਜਿਸਦੇ ਪਿਤਾ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ।
ਸੰਦੀਪ ਆਪਣੇ ਇੱਕ ਦੋਸਤ ਨਾਲ ਕੰਮ ਤੋਂ ਵਾਪਿਸ ਆ ਰਿਹਾ ਸੀ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਨੀਯਤ ਨਾਲ ਉਹਨਾਂ 'ਤੇ ਬੰਦੂਕ ਤਾਣ ਦਿੱਤੀ। ਸੰਦੀਪ ਨੇ ਲੁਟੇਰਿਆਂ ਨੂੰ 200 ਡਾਲਰ ਅਤੇ ਆਈਫੋਨ ਦੇ ਦਿੱਤਾ 'ਤੇ ਆਪਣੀ ਕਾਰ ਵੱਲ੍ਹ ਨੂੰ ਭੱਜਿਆ। ਲੁਟੇਰਿਆਂ ਨੇ ਸੰਦੀਪ 'ਤੇ ਇਹ ਸੋਚ ਕੇ ਗੋਲੀਆਂ ਦਾਗ਼ ਦਿੱਤੀਆਂ ਕਿ ਉਹ ਆਪਣੀ ਕਾਰ ਵਿੱਚੋਂ ਪਿਸਤੌਲ ਚੁੱਕਣ ਗਿਆ ਹੈ।
ਸੰਦੀਪ ਤੋਂ ਪਹਿਲਾਂ ਅਜਿਹੇ ਕਿੰਨੇ ਹੀ ਮਾਮਲੇ ਸਾਡੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿੱਚ ਪੰਜਾਬੀ ਅਤੇ ਭਾਰਤੀ ਬੱਚੇ ਹਮਲਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਬਹੁਤ ਸਾਰੇ ਦੇਸ਼ਾਂ ਵਿੱਚ ਸਾਡੇ ਬੱਚਿਆਂ ਨੂੰ ਨਸਲੀ ਵਿਤਕਰੇ ਕਾਰਨ ਜਾਨਲੇਵਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਮਾਮਲਿਆਂ ਵਿੱਚ ਅਕਸਰ ਅਸੀਂ ਅਤੇ ਸਾਡੀਆਂ ਸਰਕਾਰਾਂ ਬੇਬਸ ਹੀ ਸਾਬਿਤ ਹੋਈਆਂ ਹਨ ਦਰਅਸਲ ਨਸਲੀ ਵਿਤਕਰੇ ਤੋਂ ਇਲਾਵਾ ਵੀ ਇਸਦਾ ਇੱਕ ਹੋਰ ਕਾਰਨ ਹੈ। ਸਾਡਾ ਵਿੱਦਿਅਕ ਅਤੇ ਪਰਿਵਾਰਿਕ ਢਾਂਚਾ ਸਾਡੇ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾ ਦਿੰਦਾ ਹੈ। ਸਕੂਲੋਂ ਆਉਂਦੀਆਂ ਹੀ ਟਿਊਸ਼ਨ, ਪਡ਼੍ਹਾਈ ਲਈ ਪਰਿਵਾਰ ਦਾ ਦਬਾਅ ਸਾਡੇ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਮਿਹਨਤ ਨਾਲ ਜੋਡੀ ਰੱਖਦਾ ਹੈ। ਇਸਦੇ ਉਲਟ ਅਮਰੀਕਾ ਕਨੇਡਾ ਵਰਗੇ ਸਕੂਲਾਂ ਵਿੱਚ ਬੱਚਿਆਂ ਨੂੰ ਸਕੂਲ ਦਾ ਕੰਮ ਸਕੂਲ ਵਿੱਚ ਹੀ ਕਰਵਾ ਦਿੱਤਾ ਜਾਂਦਾ ਹੈ। ਮਤਲਬ ਘਰ ਜਾਣ ਵੇਲੇ ਬੱਚੇ ਦੇ ਮਨ 'ਤੇ ਹੋਮ ਵਰਕ ਨਾਂਅ ਦਾ ਕੋਈ ਮਾਨਸਿਕ ਵਜ਼ਨ ਨਹੀਂ ਹੁੰਦਾ।
ਇਸ ਮਿਹਨਤ ਕਾਰਨ ਹੀ ਭਾਰਤੀ ਬੱਚੇ ਵਿਦੇਸ਼ਾਂ ਵਿੱਚ ਕੰਮ ਦੇ ਨਾਲ ਨਾਲ ਪਡ਼੍ਹਾਈ ਕਰਦੇ ਹੋਏ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ।
ਬੇਗਾਨੀ ਧਰਤੀ ਤੋਂ ਆਏ ਬੱਚਿਆਂ ਨੂੰ ਆਪਣੇ ਮੁਕਾਬਲੇ ਕਾਮਯਾਬ ਹੁੰਦੇ ਦੇਖ ਮੂਲ ਨਿਵਾਸੀਆਂ ਦੇ ਮਨ ਵਿੱਚ ਉਪਜਦਾ ਗੁੱਸਾ ਵਿਤਕਰੇ ਅਤੇ ਨਸਲੀ ਹਮਲਿਆਂ ਨੂੰ ਜਨਮ ਦਿੰਦਾ ਹੈ। ਇਸ ਮਾਮਲੇ 'ਤੇ ਸਰਕਾਰ ਦੀ ਫੌਰੀ ਅਤੇ ਠੋਸ ਰਣਨੀਤੀ ਸਮੇਂ ਦੀ ਮੰਗ ਹੈ।