
ਸ੍ਰੀਨਗਰ, 3 ਅਗੱਸਤ : ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਤਲਾਸ਼ੀ ਲੈ ਰਹੀ ਫ਼ੌਜ ਦੀ ਇਕ ਟੀਮ ਉਤੇ ਅਤਿਵਾਦੀਆਂ ਵਲੋਂ ਕੀਤੇ ਹਮਲੇ 'ਚ ਮੇਜਰ ਸਣੇ ਦੋ ਜਣੇ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਸ੍ਰੀਨਗਰ, 3 ਅਗੱਸਤ : ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਤਲਾਸ਼ੀ ਲੈ ਰਹੀ ਫ਼ੌਜ ਦੀ ਇਕ ਟੀਮ ਉਤੇ ਅਤਿਵਾਦੀਆਂ ਵਲੋਂ ਕੀਤੇ ਹਮਲੇ 'ਚ ਮੇਜਰ ਸਣੇ ਦੋ ਜਣੇ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸ਼ੋਪੀਆਂ ਜ਼ਿਲ੍ਹੇ ਦੇ ਜੈਨਾਪੁਰਾ ਇਲਾਕੇ ਵਿਚ ਅਤਿਵਾਦੀਆਂ ਨੇ ਅਚਾਨਕ ਗੋਲੀਆਂ ਚਲਾ ਦਿਤੀਆਂ ਜਿਸ ਕਾਰਨ ਮੇਜਰ ਕਮਲੇਸ਼ ਪਾਂਡੇ, ਸਿਪਾਹੀ ਤਨਜਿਨ ਛੁਲਤਿਮ ਅਤੇ ਕ੍ਰਿਪਾਲ ਸਿੰਘ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਫ਼ੌਜ ਦੇ 92 ਬੇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਮੇਜਰ ਪਾਂਡੇ ਅਤੇ ਸਿਪਾਹੀ ਤਨਜੀਨ ਦਮ ਤੋੜ ਗਏ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੋਈ ਹੈ ਪਰ ਅਤਿਵਾਦੀਆਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਦੀਨ ਦੇ ਦੋ ਅਤਿਵਾਦੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਦੇ ਛੁਪੇ ਹੋਣ ਦੀ ਖ਼ਬਰ ਮਿਲਣ 'ਤੇ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਗੋਪਾਲਪੁਰਾ ਪਿੰਡ ਵਿਚ ਘੇਰਾਬੰਦ ਕਰ ਕੇ ਤਲਾਸ਼ੀ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਨੂੰ ਨੇੜੇ ਆਉਂਦਾ ਵੇਖ ਅਤਿਵਾਦੀਆਂ ਨੇ ਗੋਲੀਆਂ ਚਲਾ ਦਿਤੀਆਂ ਅਤੇ ਜਵਾਬੀ ਕਾਰਵਾਈ ਵਿਚ ਮਾਰੇ ਗਏ। ਅਤਿਵਾਦੀਆਂ ਦੀ ਪਛਾਣ ਅਕੀਬ ਹੁਸੈਨ ਇੱਟੂ ਅਤੇ ਸੋਹੇਲ ਅਹਿਮਦ ਰਾਠੇਰ ਵਜੋਂ ਕੀਤੀ ਗਈ ਹੈ।
ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਅਤਿਵਾਦੀਆਂ ਇਕ ਬੈਂਕ ਦੇ ਨਕਦੀ ਲਿਜਾਣ ਵਾਲੀ ਗੱਡੀ 'ਤੇ ਹਮਲਾ ਕਰਨ ਵਿਚ ਸ਼ਾਮਲ ਸੀ। ਇਹ ਹਮਲਾ ਮਈ ਵਿਚ ਕੀਤਾ ਗਿਆ ਸੀ ਜਿਸ ਦੌਰਾਨ ਪੰਜ ਪੁਲਿਸ ਮੁਲਾਜ਼ਮ ਅਤੇ ਦੋ ਬੈਂਕ ਗਾਰਡ ਮਾਰੇ ਗਏ ਸਨ। (ਪੀਟੀਆਈ)