
ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਦਾਖਲ ਹੋਣ 'ਤੇ ਉੱਠੇ ਸਵਾਲ
ਪਣਜੀ - ਗੋਆ ਦੀ ਰਾਜਧਾਨੀ ਪਣਜੀ ਵਿੱਚ ਇੱਕ ਚੋਰ ਕਥਿਤ ਤੌਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੀ ਇਮਾਰਤ ਦੇ ਸਬੂਤਾਂ ਵਾਲੇ ਕਮਰੇ ਵਿੱਚ ਦਾਖਲ ਹੋ ਗਿਆ, ਅਤੇ ਵੱਖ-ਵੱਖ ਮਾਮਲਿਆਂ ਵਿੱਚ ਸਬੂਤ ਵਜੋਂ ਜ਼ਬਤ ਕੀਤੀ ਨਕਦੀ ਲੈ ਕੇ ਫ਼ਰਾਰ ਹੋ ਗਿਆ।
ਉਨ੍ਹਾਂ ਕਿਹਾ ਕਿ ਇਹ ਘਟਨਾ ਪੁਰਤਗਾਲੀ ਯੁਗ ਦੀ ਇਮਾਰਤ ਵਿੱਚ ਸਥਿਤ ਅਦਾਲਤ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਇਮਾਰਤ ਦੇ ਪ੍ਰਵੇਸ਼ ਦੁਆਰ 'ਤੇ ਇੱਕ ਸੁਰੱਖਿਆ ਗਾਰਡ ਤਾਇਨਾਤ ਸੀ।
ਮਾਮਲੇ ਦੀ ਜਾਂਚ ਨੂੰ ਲੈ ਕੇ ਬੁੱਧਵਾਰ ਨੂੰ ਕੰਪਲੈਕਸ 'ਚ ਸਥਿਤ ਤਿੰਨ ਜ਼ਿਲ੍ਹਾ ਅਦਾਲਤਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਜੱਜਾਂ ਨੇ ਬੁੱਧਵਾਰ ਨੂੰ ਸੂਚੀਬੱਧ ਮਾਮਲਿਆਂ ਦੀ ਅਗਲੀ ਤਰੀਕ ਦੇ ਦਿੱਤੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰ ਇਮਾਰਤ ਦੇ ਪਿਛਲੇ ਪਾਸੇ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਇਆ।
ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰ ਵੱਖ-ਵੱਖ ਮਾਮਲਿਆਂ 'ਚ ਸਬੂਤ ਵਜੋਂ ਜ਼ਬਤ ਕੀਤੀ ਗਈ ਨਕਦੀ ਲੈ ਕੇ ਫ਼ਰਾਰ ਹੋ ਗਿਆ। ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੋਈ ਕਾਗਜ਼ ਅਤੇ ਹੋਰ ਸਾਮਾਨ ਚੋਰੀ ਹੋਇਆ ਹੈ ਜਾਂ ਨਹੀਂ।
"ਅਸੀਂ ਇਹ ਵੀ ਪਤਾ ਲਗਾ ਰਹੇ ਹਾਂ ਕਿ ਸੁਰੱਖਿਆ ਕਰਮਚਾਰੀਆਂ ਨੂੰ ਚੋਰ ਦੀ ਮੌਜੂਦਗੀ ਦਾ ਪਤਾ ਕਿਉਂ ਨਹੀਂ ਲੱਗਿਆ” ਅਧਿਕਾਰੀ ਨੇ ਅੱਗੇ ਕਿਹਾ।