
ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨੂੰ ਯੂਕਰੇਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਦੌਰਾਨ ਯੂਕਰੇਨ 'ਚ ਹਿੰਸਾ ਨੂੰ ਜਲਦੀ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਸੰਘਰਸ਼ ਨੂੰ ਸੁਲਝਾਉਣ ਲਈ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਯੋਗਦਾਨ ਦੇਣ 'ਤੇ ਸਹਿਮਤੀ ਪ੍ਰਗਟਾਈ। ਇਹ ਮੁਲਾਕਾਤ ਕਰੀਬ 40 ਮਿੰਟ ਤੱਕ ਚੱਲੀ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ ਦੌਰੇ 'ਤੇ ਆਏ ਰੂਸੀ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨੂੰ ਯੂਕਰੇਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਕੀਵ ਨਾਲ ਮਾਸਕੋ ਦੀ ਚੱਲ ਰਹੀ ਸ਼ਾਂਤੀ ਵਾਰਤਾ ਵੀ ਸ਼ਾਮਲ ਹੈ।
Russian Foreign Minister Meets Prime Minister Narendra Modi
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨ ਤੋਂ ਬਾਅਦ ਲਾਵਰੋਵ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਬਿਆਨ ਵਿਚ ਕਿਹਾ ਗਿਆ, ''ਵਿਦੇਸ਼ ਮੰਤਰੀ ਲਾਵਰੋਵ ਨੇ ਪ੍ਰਧਾਨ ਮੰਤਰੀ ਨੂੰ ਯੂਕਰੇਨ ਦੀ ਸਥਿਤੀ ਸਮੇਤ ਸ਼ਾਂਤੀ ਵਾਰਤਾ ਬਾਰੇ ਜਾਣਕਾਰੀ ਦਿੱਤੀ”। ਬਿਆਨ ਵਿਚ ਕਿਹਾ ਗਿਆ ਹੈ, "ਪ੍ਰਧਾਨ ਮੰਤਰੀ ਨੇ ਹਿੰਸਾ ਨੂੰ ਜਲਦੀ ਖਤਮ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਕਿਸੇ ਵੀ ਤਰੀਕੇ ਨਾਲ ਯੋਗਦਾਨ ਪਾਉਣ ਲਈ ਭਾਰਤ ਦੀ ਇੱਛਾ ਜ਼ਾਹਰ ਕੀਤੀ"।
ਲਾਵਰੋਵ ਚੀਨ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਨਵੀਂ ਦਿੱਲੀ ਪਹੁੰਚੇ ਸਨ। ਭਾਰਤ ਕੂਟਨੀਤੀ ਅਤੇ ਗੱਲਬਾਤ ਰਾਹੀਂ ਯੂਕਰੇਨ ਸੰਕਟ ਦੇ ਹੱਲ ਲਈ ਦਬਾਅ ਬਣਾ ਰਿਹਾ ਹੈ। ਪੀਐਮ ਮੋਦੀ ਨੇ 24 ਫਰਵਰੀ, 2 ਮਾਰਚ ਅਤੇ 7 ਮਾਰਚ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਦੋ ਵਾਰ ਗੱਲਬਾਤ ਕੀਤੀ ਹੈ।