ਸੀਨੀਅਰ ਜੇਲ੍ਹ ਸੁਪਰਡੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ
ਬਾਂਦਾ (ਯੂ.ਪੀ.): ਬਾਂਦਾ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮਾਫੀਆ ਤੋਂ ਸਿਆਸਤਦਾਨ ਬਣੇ ਵਿਧਾਇਕ ਮੁਖਤਾਰ ਅੰਸਾਰੀ ਦੀ ਮੌਤ ਤੋਂ ਕੁੱਝ ਘੰਟੇ ਬਾਅਦ ਹੀ ਬਾਂਦਾ ਦੇ ਸੀਨੀਅਰ ਜੇਲ ਸੁਪਰਡੈਂਟ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਜੇਲ੍ਹ ਸੁਪਰਡੈਂਟ ਦੀ ਸੁਰੱਖਿਆ ਵੀ ਸਖ਼ਤ ਕਰ ਦਿਤੀ ਗਈ ਹੈ।
ਬਾਂਦਾ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਲਕਸ਼ਮੀ ਨਿਵਾਸ ਮਿਸ਼ਰਾ ਨੇ ਸੋਮਵਾਰ ਸ਼ਾਮ ਦਸਿਆ ਕਿ ਬਾਂਦਾ ਡਿਵੀਜ਼ਨਲ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਨੂੰ ਲੈਂਡਲਾਈਨ ਫ਼ੋਨ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਇਕ ਅਣਪਛਾਤੇ ਵਿਅਕਤੀ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਸੀਨੀਅਰ ਜੇਲ੍ਹ ਸੁਪਰਡੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿਤਾ ਗਿਆ ਹੈ।
ਮੰਡਲ ਜੇਲ੍ਹ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਨੇ ਦਸਿਆ ਕਿ 28/29 ਦੀ ਅੱਧੀ ਰਾਤ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਸਰਕਾਰੀ (ਸੀ.ਯੂ.ਜੀ.) ਮੋਬਾਈਲ ਫ਼ੋਨ ’ਤੇ ਲੈਂਡਲਾਈਨ ਫ਼ੋਨ ਨੰਬਰ ਤੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ | ਉਨ੍ਹਾਂ ਦਸਿਆ ਕਿ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਮਾਫੀਆ ਅਤੇ ਪੰਜ ਵਾਰ ਵਿਧਾਇਕ ਰਹੇ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ ’ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਣੀ ਦੁਰਗਾਵਤੀ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸੇ ਰਾਤ ਉਨ੍ਹਾਂ ਦੀ ਮੌਤ ਹੋ ਗਈ ਸੀ। ਪ੍ਰਸ਼ਾਸਨ ਜੇਲ੍ਹ ਸੁਪਰਡੈਂਟ ਨੂੰ ਦਿਤੀ ਗਈ ਧਮਕੀ ਨੂੰ ਅੰਸਾਰੀ ਦੀ ਮੌਤ ਨਾਲ ਜੋੜ ਰਿਹਾ ਹੈ।