
ਪ੍ਰਧਾਨ ਮੰਤਰੀ ਦੇ ਤਿੰਨ ਦੇਸ਼ਾਂ ਦੇ ਦੌਰੇ ਵਿਚ ਊਰਜਾ ਸੁਰੱਖਿਆ, ਆਰਥਿਕ ਸਬੰਧ ਚਰਚਾ ਦੇ ਅਹਿਮ ਮੁੱਦੇ ਹੋਣਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਤਿੰਨ ਦਿਨਾਂ ਦੌਰੇ 'ਤੇ ਰਵਾਨਾ ਹੋਣਗੇ, ਜਿਸ ਦੌਰਾਨ ਊਰਜਾ ਸੁਰੱਖਿਆ, ਆਰਥਿਕ ਸਬੰਧਾਂ, ਟਿਕਾਊ ਵਿਕਾਸ, ਜਲਵਾਯੂ ਅਤੇ ਹਰੀ ਊਰਜਾ ਸਮੇਤ ਵਿਭਿੰਨ ਖੇਤਰਾਂ 'ਤੇ ਵਿਆਪਕ ਚਰਚਾ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਇਹਨਾਂ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਗੱਲਬਾਤ ਦੌਰਾਨ ਯੂਕਰੇਨ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਜਾਵੇਗੀ।
ਕਵਾਤਰਾ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਸਥਿਤੀ ਦੇ ਪਿਛੋਕੜ 'ਚ ਊਰਜਾ ਸੁਰੱਖਿਆ ਦਾ ਮੁੱਦਾ ਮਹੱਤਵਪੂਰਨ ਹੈ ਅਤੇ ਯੂਰਪੀ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ 'ਚ ਇਸ 'ਤੇ ਚਰਚਾ ਹੋਵੇਗੀ। ਯੂਕਰੇਨ ਵਿਵਾਦ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਵਾਤਰਾ ਨੇ ਕਿਹਾ, 'ਇਸ ਮਾਮਲੇ 'ਤੇ ਸਾਡੀ ਸਥਿਤੀ ਸਪੱਸ਼ਟ ਹੈ ਅਤੇ ਕਈ ਮੰਚਾਂ 'ਤੇ ਇਹ ਗੱਲ ਪ੍ਰਗਟਾਈ ਗਈ ਹੈ ਕਿ ਜੰਗ ਖਤਮ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।'
ਵਿਦੇਸ਼ ਸਕੱਤਰ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਸਾਡੇ ਯੂਰਪੀ ਸਹਿਯੋਗੀਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਭਾਈਵਾਲਾਂ ਲਈ ਬਹੁਤ ਸਪੱਸ਼ਟ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸ ਬਾਰੇ ਕੋਈ ਸ਼ੱਕ ਹੋਵੇਗਾ।” ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ, ਡੈਨਮਾਰਕ, ਫਰਾਂਸ ਦੇ ਦੌਰੇ ਤੋਂ ਪਹਿਲਾਂ ਆਪਣੇ ਬਿਆਨ 'ਚ ਕਿਹਾ, 'ਮੇਰੀ ਯੂਰਪ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।'
ਉਹਨਾਂ ਕਿਹਾ, “ਮੈਂ ਆਪਣੀ ਯਾਤਰਾ ਰਾਹੀਂ ਯੂਰਪੀਅਨ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਯੂਰਪੀ ਭਾਈਵਾਲ ਭਾਰਤ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ਵਿਚ ਮਹੱਤਵਪੂਰਨ ਭਾਈਵਾਲ ਹਨ”। ਇਸ ਸਾਲ ਹੋਣ ਵਾਲੀ ਇਹ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਉਹਨਾਂ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋਵੇਗਾ ਜਦੋਂ ਯੂਕਰੇਨ ਸੰਕਟ ਜਾਰੀ ਹੈ। ਪ੍ਰਧਾਨ ਮੰਤਰੀ ਪਹਿਲਾਂ ਜਰਮਨੀ ਅਤੇ ਫਿਰ ਡੈਨਮਾਰਕ ਜਾਣਗੇ ਅਤੇ ਫਿਰ ਵਾਪਸੀ ਦੌਰਾਨ ਪੈਰਿਸ ਵਿਚ ਕੁਝ ਸਮਾਂ ਰੁਕਣਗੇ।