
ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੀਤਾ ਵਾਧਾ
ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ। ਸਬਸਿਡੀ ਵਾਲਾ ਗੈਸ ਸਿਲੰਡਰ ਦੋ ਰੁਪਏ 34 ਪੈਸੇ ਅਤੇ ਗੈਰ ਸਬਸਿਡੀ ਵਾਲਾ 48 ਰੁਪਏ ਮਹਿੰਗਾ ਹੋ ਗਿਆ ਹੈ। ਰਾਜਧਾਨੀ ਦਿੱਲੀ ਵਿਚ ਅੱਜ ਤੋਂ ਸਬਸਿਡੀ ਦਾ ਐਲਪੀਜੀ ਸਿਲੰਡਰ 2.34 ਰੁਪਏ ਵਧ ਕੇ 493.55 ਰੁਪਏ ਅਤੇ ਗ਼ੈਰ ਸਬਸਿਡੀ ਵਾਲਾ 48 ਰੁਪਏ ਮਹਿੰਗਾ ਹੋ ਕੇ 698.50 ਰੁਪਏ ਦਾ ਮਿਲੇਗਾ।
cylinder
ਦੇਸ਼ ਦੇ ਤਿੰਨ ਹੋਰ ਵੱਡੇ ਮਹਾਨਗਰਾਂ ਵਿਚ ਕੋਲਕੱਤਾ ਵਿਚ ਕੀਮਤ ਕ੍ਰਮਵਾਰ 496.65 ਅਤੇ 723.50 ਰੁਪਏ ਹੋ ਗਈ ਹੈ। ਮੁੰਬਈ ਵਿਚ 491.31 ਅਤੇ 671.50 ਰੁਪਏ ਅਤੇ ਚੇਨਈ ਵਿਚ 481.84 ਅਤੇ 712.50 ਰੁਪਏ ਹੋ ਗਈ ਹੈ। ਖ਼ਪਤਰਕਾਰ ਨੂੰ ਇਕ ਵਿੱਤੀ ਸਾਲ ਵਿਚ 12 ਸਿਲੰਡਰ ਸਬਸਿਡੀ 'ਤੇ ਮਿਲਦੇ ਹਨ ਜਦਕਿ ਇਸ ਤੋਂ ਜ਼ਿਆਦਾ ਲੈਣ 'ਤੇ ਗ਼ੈਰ ਸਬਸਿਡੀ ਵਾਲੀ ਕੀਮਤ ਦੇਣੀ ਪੈਂਦੀ ਹੈ।
cylinder
ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ਵਿਚ ਦੋ ਮਹੀਨੇ ਅਤੇ ਗ਼ੈਰ ਸਬਸਿਡੀ ਵਿਚ ਪੰਜ ਮਹੀਨੇ ਤੋਂ ਬਾਅਦ ਵਾਧਾ ਕੀਤਾ ਗਿਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਪਟਰੌਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਅਤੇ ਹੁਣ ਗੈਸ ਸਿਲੰਡਰ ਵੀ ਮਹਿੰਗਾ ਕਰ ਦਿਤਾ ਹੈ। ਸਰਕਾਰ ਨੇ ਪਟਰੌਲ ਦੀਆਂ ਕੀਮਤਾਂ ਵਿਚ ਬੇਅਥਾਅ ਵਾਧਾ ਕਰ ਕੇ ਉਸ ਵਿਚ ਮਹਿਜ਼ ਨਿਗੁਣੀ ਜਿਹੀ ਕਮੀ ਕੀਤੀ ਹੈ।
petrol
ਲੋਕਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਸਰਕਾਰ ਸਮੇਂ ਕੱਚੇ ਤੇਲ ਦੀ ਕੀਮਤ 104 ਰੁਪਏ ਪ੍ਰਤੀ ਬੈਰਲ ਸੀ ਅਤੇ ਸਰਕਾਰ ਦੇਸ਼ ਵਾਸੀਆਂ ਨੂੰ ਡੀਜ਼ਲ 40.91 ਰੁਪਏ ਅਤੇ ਪਟਰੋਲ 73.18 ਰੁਪਏ ਪ੍ਰਤੀ ਲੀਟਰ ਮੁਹੱਈਆ ਕਰਵਾ ਰਹੀ ਸੀ ਪਰ ਹੁਣ ਜਦੋਂ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਸਿਰਫ਼ 67.50 ਡਾਲਰ ਪ੍ਰਤੀ ਬੈਰਲ ਹੈ ਤਾਂ ਐਨਡੀਏ ਸਰਕਾਰ ਦੇਸ਼ ਵਾਸੀਆਂ ਨੂੰ ਡੀਜ਼ਲ 69.00 ਰੁਪਏ ਅਤੇ ਪਟਰੋਲ 78.00 ਰੁਪਏ ਲੀਟਰ ਉਪਲਬਧ ਕਰਵਾ ਰਹੀ ਹੈ।
petrol
ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਸਨ ਤਾਂ ਸਰਕਾਰ ਐਕਸਾਈਜ਼ ਡਿਊਟੀ ਵਧਾ ਰਹੀ ਹੈ। ਸਰਕਾਰ ਨੇ ਪਿਛਲੇ 4 ਸਾਲਾਂ ’ਚ 9 ਵਾਰ ਐਕਸਾਈਜ਼ ਡਿਊਟੀ ’ਚ ਵਾਧਾ ਕੀਤਾ ਹੈ। ਬੀਤੇ ਦਿਨ ਮੋਦੀ ਸਕਰਾਰ ਵਲੋਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਮਹਿਜ਼ 1 ਪੈਸੇ ਦੀ ਕਮੀ ਕਰ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਸੀ ਪਰ ਵੀਰਵਾਰ ਨੂੰ ਇਸ ਕੀਮਤ ਵਿਚ 5 ਤੋਂ 7 ਪੈਸੇ ਘਟਾ ਦਿਤੀ ਗਈ ਹੈ।