
ਬਿ੍ਰਜਭੂਸ਼ਣ ਸ਼ਰਣ ਸਿੰਘ ਦੀ ਤੁਰਤ ਗਿ੍ਰਫ਼ਤਾਰੀ ਦੀ ਮੰਗ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੀ ਅਗਵਾਈ ’ਚ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਕਿਸਾਨਾਂ ਨੇ ਪਹਿਲਵਾਨਾਂ ਦੀ ਹਮਾਇਤ ’ਚ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਕੁਸ਼ਤੀ ਮਹਾਂਸੰਘ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਜਿਨਸੀ ਸੋਸ਼ਣ ਦੇ ਇਲਜ਼ਾਮਾਂ ’ਚ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਕਿਸਾਨਾਂ ਨੇ ਜ਼ਿਲ੍ਹਾ ਕਮਿਸ਼ਲਰ ਅਤੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ.ਐਮ.) ਨੂੰ ਮੰਗ ਪੱਤਰ ਸੌਂਪਿਆ ਅਤੇ ਡਬਲਿਊ.ਐਫ਼.ਆਈ. ਦੇ ਪ੍ਰਧਾਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਐਸ.ਕੇ.ਐਮ. ਨੇ ਪਹਿਲਵਾਨਾਂ ਵਲੋਂ ਚੁੱਕੇ ਮੁੱਦਿਆਂ ਦੇ ਹੱਕ ’ਚ ਵੀਰਵਾਰ ਨੂੰ ਪੂਰੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿਤਾ ਸੀ। ਮੋਰਚੇ ਨੇ ਸਮਾਜ ਦੇ ਹੋਰ ਵਰਗਾਂ ਅਤੇ ‘ਭਾਰਤੀ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਲੋਕਤਾਂਤਰਿਕ ਅਧਿਕਾਰ ਦੀ ਸੁਰਖਿਆ’ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ’ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਸੱਦਾ ਦਿਤਾ ਸੀ।
ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਸੰਬੋਧਿਤ ਮੰਗ ਪੱਤਰ ’ਚ ਐਸ.ਕੇ.ਐਮ. ਨੇ ਮੰਗ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਤੁਰਤ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਦੇਣ।
ਐਸ.ਕੇ.ਐਮ. ਨੇ ਇਸ ਦੇ ਨਾਲ ਹੀ ਬਿ੍ਰਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ, ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕਰਨ ਅਤੇ ਤੇਜ਼ ਗਤੀ ਨਾਲ ਚਾਰਜਸ਼ੀਟ ਦਾਖ਼ਿਲ ਕਰ ਕੇ ਕੇਸ ਚਲਾਉਣ ਦੀ ਵੀ ਮੰਗ ਕੀਤੀ।
ਭਾਰਤੀ ਕਿਸਾਨ ਯੂਨੀਅਨ-ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ‘‘ਅਸੀਂ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਤੁਰਤ ਗਿ੍ਰਫ਼ਤਾਰੀ ਦੀ ਮੰਗ ਕਰਦੇ ਹਾਂ।’’
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ, ਮੋਗਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਤਰਨ-ਤਾਰਨ ਸਮੇਤ 16 ਥਾਵਾਂ ’ਤੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਪਹਿਲਵਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਪਰ ਹੁਣ ਤਕ ਡਬਲਿਊ.ਐਫ਼.ਆਈ. ਦੇ ਪ੍ਰਧਾਨ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ। ਅਮਿ੍ਰਤਸਰ ’ਚ ਕਿਸਾਨਾਂ ਨੇ ਜ਼ਿਲ੍ਹਾ ਉਪ-ਕਮਿਸ਼ਨਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਸੰਸਦ ਮੈਂਬਰ ਦਾ ਪੁਤਲਾ ਸਾੜਿਆ।
ਹਰਿਆਣਾ ਦੇ ਹਿਸਾਰ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਸਾਹਮਣੇ ਕੇਂਦਰ ਦਾ ਪੁਤਲਾ ਫੂਕਿਆ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਜਦਕਿ ਅੰਬਾਲਾ ’ਚ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ’ਤੇ ਇਸ ਮਾਮਲੇ ’ਚ ਬਿ੍ਰਜ ਭੂਸ਼ਣ ਨੂੰ ਬਚਾਉਣ ਦਾ ਦੋਸ਼ ਲਾਇਆ। ਹਰਿਆਣਾ ਦੇ ਝੱਜਰ, ਭਿਵਾਨੀ ਅਤੇ ਕੁਰੂਕੁਸ਼ੇਤਰ ’ਚ ਵੀ ਪ੍ਰਦਰਸ਼ਨ ਕੀਤੇ ਗਏ।
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਪਹਿਲਵਾਨਾਂ ਦੇ ਹੱਕ ’ਚ ਪ੍ਰਦਰਸ਼ਨ ਕੀਤਾ।
ਐਸ.ਕੇ.ਐਮ. ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਆਲ ਇੰਡੀਆ ਕਿਸਾਨ ਸਭਾ-ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਪੰਜਾਬੀ ਕਿਸਾਨ ਯੂਨੀਅਨ ਸਮੇਤ 30 ਕਿਸਾਨ ਸੰਗਠਨਾਂ ਨੇ ਪ੍ਰਦਰਸ਼ਨ ’ਚ ਹਿੱਸਾ ਲਿਆ।